ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਸੋਮਵਾਰ ਖੇਤੀ ਖੇਤਰ ਨਾਲ ਸੰਬੰਧਤ ਸੱਤ ਵੱਡੇ ਪ੍ਰੋਗਰਾਮਾਂ ਲਈ ਕਰੀਬ 14,000 ਕਰੋੜ ਰੁਪਏ ਦੇ ਖਰਚੇ ਨੂੰ ਮਨਜ਼ੂਰੀ ਦਿੱਤੀ | ਇਸ ‘ਚ ਡਿਜੀਟਲ ਖੇਤੀ ਮਿਸ਼ਨ ਅਤੇ ਫਸਲ ਵਿਗਿਆਨ ਲਈ ਯੋਜਨਾ ਵੀ ਸ਼ਾਮਲ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ |
ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਮੰਤਰੀ ਮੰਡਲ ਨੇ 2817 ਰੁਪਏ ਦੇ ਡਿਜੀਟਲ ਖੇਤੀ ਮਿਸ਼ਨ ਅਤੇ ਫਸਲ ਵਿਗਿਆਨ ਲਈ 3979 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ | ਖੇਤੀ ਸਿੱਖਿਆ ਅਤੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ 2291 ਕਰੋੜ ਰੁਪਏ ਦੇ ਪ੍ਰੋਗਰਾਮ ਦੇ ਨਾਲ ਪਸ਼ੂ ਧਨ ਦੀ ਟਿਕਾਊ ਸਿਹਤ ਲਈ 1702 ਕਰੋੜ ਰੁਪਏ ਦੀ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਹੈ | ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਬਾਗਬਾਨੀ ਖੇਤਰ ਦੇ ਟਿਕਾਊ ਵਿਕਾਸ ਲਈ 860 ਕਰੋੜ ਰੁਪਏ ਦੀ ਇਕ ਹੋਰ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ | ਮੰਤਰੀ ਮੰਡਲ ਨੇ ਖੇਤੀ ਵਿਗਿਆਨ ਕੇਂਦਰਾਂ ਲਈ 1202 ਕਰੋੜ ਰੁਪਏ ਅਤੇ ਕੁਦਰਤੀ ਸਰੋਤ ਪ੍ਰਬੰਧਨ ਨੂੰ ਮਜ਼ਬੂਤੀ ਦੇਣ ਲਈ 1115 ਕਰੋੜ ਰੁਪਏ ਦੀ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਹੈ | ਇਨ੍ਹਾਂ ਸੱਤਾਂ ਪ੍ਰੋਗਰਾਮਾਂ ਲਈ 13,960 ਕਰੋੜ ਰੁਪਏ ਤੋਂ ਵੱਧ ਜਾਰੀ ਕੀਤੇ ਜਾਣੇ ਹਨ |