ਗਦਰ ਪਾਰਟੀ ਨਾਲ ਜੁੜੇ 12 ਸਿਪਾਹੀਆਂ ਨੂੰ ਕੀਤਾ ਯਾਦ

0
118

ਚੋਹਲਾ ਸਾਹਿਬ : ਗਦਰ ਪਾਰਟੀ ਨਾਲ ਜੁੜੇ 12 ਸਿਪਾਹੀਆਂ ਨੂੰ ਅੰਗਰੇਜ਼ ਹਾਕਮਾਂ ਨੇ 3 ਸਤੰਬਰ 1915 ਨੂੰ ਅੰਬਾਲਾ ਜੇਲ੍ਹ ’ਚ ਫਾਂਸੀ ਦੇ ਕੇ ਸ਼ਹੀਦ ਕੀਤਾ ਸੀ।ਇਹ ਸਿਪਾਹੀ ਮੀਆਂਮੀਰ ਛਾਉਣੀ ਲਾਹੌਰ ਵਿਖੇ ਨੌਕਰੀ ਕਰਦੇ ਸਨ।ਇਨ੍ਹਾਂ ਦੇਸ਼ ਭਗਤ ਸਿਪਾਹੀਆਂ ਦੀ ਯਾਦ ’ਚ ਪਿੰਡ ਰੂੜੀਵਾਲਾ ਵਿਖੇ ਇਨ੍ਹਾਂ ਦੀ ਯਾਦਗਾਰ ’ਚ ਉਸਰੇ ਗੁਰਦੁਆਰਾ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਪ੍ਰਧਾਨ ਸੁਰਜੀਤ ਸਿੰਘ ਰੂੜੀਵਾਲਾ ਤੇ ਗੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਸ਼ਹੀਦਾਂ ਦੀ ਲਾਟ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ।ਸਜੇ ਦੀਵਾਨ ਵਿੱਚ ਬਾਪੂ ਮੇਵਾ ਸਿੰਘ ਦੇ ਕਵੀਸ਼ਰੀ ਜਥੇ ਨੇ ਗੁਰੂ ਸਾਹਿਬਾਂ ਤੇ ਦੇਸ਼ ਭਗਤਾਂ ਦੀਆਂ ਵਾਰਾਂ ਪੇਸ਼ ਕੀਤੀਆਂ।ਦੀਵਾਨ ਵਿੱਚ ਦੇਸ਼ ਭਗਤਾਂ ਦੀ ਵਿਚਾਰਧਾਰਾ ਪ੍ਰਤੀ ਬੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਪੰਜਾਬ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਨਰਿੰਦਰ ਕੌਰ ਸੋਹਲ ਨੇ ਕਿਹਾ ਕਿ ਗ਼ਦਰੀਆਂ ਦੀ ਸੋਚ ਬਹੁਤ ਉੱਚੀ ਤੇ ਸੁੱਚੀ ਸੀ।ਗਦਰੀ ਵਿਦੇਸ਼ਾਂ ਵਿੱਚ ਗਏ ਤੇ ਕਿਰਤ ਕਰਨ ਸੀ, ਪਰ ਜਦੋਂ ਉਨ੍ਹਾਂ ਨੂੰ ਉਥੋਂ ਇਹ ਗਿਆਨ ਮਿਲਿਆ ਕਿ ਹਿੰਦੁਸਤਾਨ ਤੇ ਸੋਨੇ ਦੀ ਚਿੜੀ ਹੈ ਤੇ ਅੰਗਰੇਜ਼ ਸਾਡਾ ਸੋਨਾ ਲੁੱਟ ਕੇ ਆਪਣੇ ਮੁਲਕ ਲਈ ਜਾਂਦੇ ਹਨ।ਗ਼ਦਰੀਆਂ ਨੂੰ ਕਿਰਤ ਕਰਦਿਆਂ ਪਤਾ ਲੱਗਾ ਕਿ ਜਦੋਂ ਅੰਗਰੇਜ਼ਾਂ ਨੇ ਹਿੰਦੁਸਤਾਨ ’ਤੇ ਕਬਜ਼ਾ ਕੀਤਾ, ਉਸ ਵਕਤ ਸਾਰੀ ਦੁਨੀਆ ਦਾ ਸੋਨਾ ਭਾਰਤ ਵਿੱਚ ਜਮ੍ਹਾਂ ਹੋ ਚੁੱਕਾ ਸੀ।ਅਸਲੀਅਤ ਇਹ ਸੀ ਕਿ ਭਾਰਤ ਦਾ ਖੇਤੀ ਦਾ ਵਪਾਰ ਸਾਰੀ ਦੁਨੀਆ ਵਿੱਚ ਚਲਦਾ ਸੀ।ਉਸ ਵਕਤ ਵਪਾਰ ਸਮੁੰਦਰੀ ਜਹਾਜ਼ਾਂ ਰਾਹੀਂ ਹੁੰਦਾ ਸੀ ਤੇ ਸਾਰੇ ਮੁਲਕ ਨਾਲੋਂ ਵਧੇਰੇ ਸਮੁੰਦਰੀ ਜਹਾਜ਼ ਭਾਰਤ ਕੋਲ ਸਨ।ਇਸ ਸੋਚ ਨਾਲ ਗ਼ਦਰੀਆਂ ਨੇ ਯੋਜਨਾ ਬਣਾਈ ਕਿ ਵਿਦੇਸ਼ਾਂ ’ਚ ਹਿੰਦੁਸਤਾਨ ਜਾਇਆ ਜਾਏ ਤੇ ਅੰਗਰੇਜ਼ਾਂ ਨਾਲ ਹਥਿਆਰਬੰਦ ਸੰਘਰਸ਼ ਕਰਕੇ ਦੇਸ਼ ਆਜ਼ਾਦ ਕਰਵਾਇਆ ਜਾਵੇ, ਤਾਂ ਹੀ ਸਾਡਾ ਸੋਨਾ ਬਚ ਸਕਦਾ ਹੈ।ਗਦਰੀ ਇਸ ਸੋਚ ਨਾਲ ਹਿੰਦ ਆਏ ਤੇ ਉਨ੍ਹਾਂ ਭਾਰਤ ਦੀਆਂ ਦੇਸੀ ਫੌਜਾਂ ਨੂੰ ਆਪਣੇ ਨਾਲ ਜੋੜਿਆ।ਗਦਰ ਭਾਵ ਬਗਾਵਤ ਕਰਨ ਦੀਆਂ ਤਾਰੀਖਾਂ ਮਿੱਥੀਆਂ, ਪਰ ਅੰਗਰੇਜ਼ਾਂ ਦੇ ਟਾਊਟਾਂ ਨੇ ਗ਼ਦਰੀਆਂ ਦੀ ਯੋਜਨਾ ਕਾਮਯਾਬ ਨਾ ਹੋਣ ਦਿੱਤੀ।ਅੰਗਰੇਜ਼ਾਂ ਨੇ ਗ਼ਦਰੀਆਂ ਨੂੰ ਫ਼ੜ ਕੇ ਫਾਂਸੀਆਂ ’ਤੇ ਚਾੜ੍ਹਿਆ ਅਤੇ ਉਮਰ ਕੈਦ, ਜਾਇਦਾਦ ਜ਼ਬਤ ਤੇ ਕਾਲੇ ਪਾਣੀ ਦੀਆਂ ਸਜ਼ਾਵਾਂ ਦਿੱਤੀਆਂ।ਆਗੂਆਂ ਨੇ ਕਿਹਾ ਕਿ ਭਾਜਪਾ ਦੀ ਹਕੂਮਤ ਹਿੰਦੁਸਤਾਨ ਨੂੰ ਫਿਰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਉਣ ਦੇ ਰਾਹ ਤੁਰੀ ਹੈ।ਜੇ ਸਾਡੀ ਸਮੂਹਿਕ ਵਸੋਂ ਮਰਦ ਤੇ ਔਰਤਾਂ ਜਾਗਰੂਕ ਹੋ ਸੰਘਰਸ਼ ਵਿੱਚ ਨਾ ਆਏ ਤਾਂ ਦੇਸ਼ ਦੇ ਹਾਲਾਤ ਖਤਰਨਾਕ ਹੋ ਸਕਦੇ ਹਨ।ਜੇ ਪੰਜਾਬ ਦੀ ਜੁਆਨੀ ਇਥੇ ਰੁਜ਼ਗਾਰ ਨਾ ਦਿੱਤਾ ਗਿਆ ਤੇ ਫਿਰ ਸਾਰੇ ਨੌਜਵਾਨ ਜ਼ਮੀਨ ਜਾਇਦਾਦਾਂ ਵੇਚ ਕੇ ਵਿਦੇਸ਼ਾਂ ’ਚ ਕਿਰਤ ਕਰਨ ਲਈ ਮਜਬੂਰ ਹੋਣਗੇ। ਸਟੇਜ ’ਤੇ ਪਿਰਥੀਪਾਲ ਸਿੰਘ ਮਾੜੀਮੇਘਾ, ਨਰਿੰਦਰ ਕੌਰ ਸੋਹਲ, ਗਦਰੀ ਸ਼ਹੀਦ ਭਾਈ ਤਾਰਾ ਸਿੰਘ ਦੇ ਪੋਤਰੇ ਗੁਰਿੰਦਰਪਾਲ ਸਿੰਘ, ਨਾਇਕ ਸਵਰਨ ਸਿੰਘ ਦੇ ਪਰਵਾਰ ’ਚੋਂ, ਕਵੀਸ਼ਰੀ ਜਥਾ ਕੁਲਦੀਪ ਸਿੰਘ ਚੱਠਾ ਤੇ ਬਾਪੂ ਮੇਵਾ, ਸੁਰਜੀਤ ਸਿੰਘ ਮਨਸੂਰਦੇਵਾ, ਸੂਬੇਦਾਰ ਰਛਪਾਲ ਸਿੰਘ ਬਲਾਕ ਪ੍ਰਧਾਨ ਚੋਹਲਾ ਸਾਹਿਬ, ਸੂਬੇਦਾਰ ਹਰਦੀਪ ਸਿੰਘ, ਸੂਬੇਦਾਰ ਬਲਕਾਰ ਸਿੰਘ, ਹਵਾਲਦਾਰ ਅਮਰੀਕ ਸਿੰਘ ਤੇ ਹਵਾਲਦਾਰ ਸੁਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here