ਬੇਂਗਲੁਰੂ : ਹਿਜਾਬ ਪਹਿਨਣ ਵਾਲੀਆਂ ਕੁੜੀਆਂ ਨੂੰ ਧੁੱਪ ਵਿਚ ਖੜ੍ਹੀਆਂ ਰੱਖਣ ਨਾਲ ਸੰਬੰਧਤ ਵਿਵਾਦ ਦੇ ਮੱਦੇਨਜ਼ਰ ਕਰਨਾਟਕ ਸਰਕਾਰ ਨੇ ਉਡੂਪੀ ਜ਼ਿਲ੍ਹੇ ਵਿਚ ਸਥਿਤ ਕੁੰਡਾਪੁਰ ਸਰਕਾਰੀ ਪ੍ਰੀ-ਯੂਨੀਵਰਸਿਟੀ ਕਾਲਜ ਦੇ ਪਿ੍ਰੰਸੀਪਲ ਨੂੰ ਵੀਰਵਾਰ ‘ਅਧਿਆਪਕ ਦਿਵਸ’ ਮੌਕੇ ਦਿੱਤਾ ਜਾਣ ਵਾਲਾ ‘ਬੈਸਟ ਪਿ੍ਰੰਸੀਪਲ ਦਾ ਐਵਾਰਡ’ ਐਨ ਆਖਰੀ ਮੌਕੇ ਅਗਲੇ ਹੁਕਮਾਂ ਤੱਕ ਰੋਕ ਲਿਆ। ਸੂਬੇ ਦੇ ਸਿੱਖਿਆ ਮੰਤਰੀ ਮਧੂ ਬੰਗਾਰੱਪਾ ਨੇ ਕਿਹਾ ਕਿ ਪਿ੍ਰੰਸੀਪਲ ਬੀ ਜੀ ਰਾਮਕਿ੍ਰਸ਼ਨ ਨੇ ਵਿਦਿਆਰਥਣਾਂ ਨਾਲ ਜਿਹੋ-ਜਿਹਾ ਸਲੂਕ ਕੀਤਾ ਸੀ, ਉਹ ਆਪਣੇ ਆਪ ਵਿਚ ਇਕ ਮੁੱਦਾ ਹੈ। 2021 ਵਿਚ ਕਰਨਾਟਕ ਦੀ ਭਾਜਪਾ ਸਰਕਾਰ ਨੇ ਵਿੱਦਿਅਕ ਅਦਾਰਿਆਂ ਵਿਚ ਮੁਸਲਮ ਵਿਦਿਆਰਥਣਾਂ ਦੇ ਹਿਜਾਬ ਪਹਿਨਣ ਉਤੇ ਪਾਬੰਦੀ ਲਾ ਦਿੱਤੀ ਸੀ। ਇਸ ਦੌਰਾਨ ਪਿ੍ਰੰਸੀਪਲ ਰਾਮਕਿ੍ਰਸ਼ਨ ਉਤੇ ਕਾਲਜ ਵਿਚ ਹਿਜਾਬ ਪਹਿਨ ਕੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਧੁੱਪੇ ਖੜ੍ਹੀਆਂ ਰੱਖਣ ਦਾ ਦੋਸ਼ ਹੈ। ਉਸ ਖਿਲਾਫ ਇਸ ਵਿਵਾਦ ਕਾਰਨ ਸੋਸ਼ਲ ਮੀਡੀਆ ਉਤੇ ਚੱਲੀ ਜ਼ੋਰਦਾਰ ਮੁਹਿੰਮ ਦੇ ਮੱਦੇਨਜ਼ਰ ਸਰਕਾਰ ਨੇ ਅਗਲੇ ਹੁਕਮਾਂ ਤੱਕ ਉਸ ਨੂੰ ਦਿੱਤਾ ਜਾਣ ਵਾਲਾ ਐਵਾਰਡ ਰੋਕ ਲਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਹੋਰ ਸੰਸਥਾਵਾਂ ਤੇ ਲੋਕਾਂ ਵੱਲੋਂ ਰਾਮਕਿ੍ਰਸ਼ਨ ਨੂੰ ਇਹ ਐਵਾਰਡ ਦੇਣ ਦਾ ਐਲਾਨ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਸੀ। ਇਸ ਸੰਬੰਧੀ ਬੇਂਗਲੁਰੂ ਵਿਚ ਵਿਧਾਨ ਸਭਾ ਅਹਾਤੇ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਵੀਰਵਾਰ ਬੰਗਾਰੱਪਾ ਨੇ ਕਿਹਾ ਕਿ ਭਾਵੇਂ ਪਿ੍ਰੰਸੀਪਲ ਸਰਕਾਰੀ ਹੁਕਮਾਂ ਦਾ ਪਾਲਣ ਕਰ ਰਿਹਾ ਸੀ ਪਰ ਉਸ ਨੇ ਬੱਚਿਆਂ ਨਾਲ ਜਿਹੋ ਜਿਹਾ ਸਲੂਕ ਕੀਤਾ, ਉਹ ਆਪਣੇ ਆਪ ਵਿਚ ਇਕ ਮੁੱਦਾ ਹੈ।