ਨਵੀਂ ਦਿੱਲੀ : ਬੈਲਨ ਡੀ’ਓਰ ਫੁੱਟਬਾਲ ਜਗਤ ਦੇ ਸਭ ਤੋਂ ਵੱਡੇ ਐਵਾਰਡਾਂ ਵਿੱਚੋਂ ਇਕ ਹੈ। ਫਰੈਂਚ ਭਾਸ਼ਾ ਵਿਚ ਗੋਲਡਨ ਬਾਲ ਨੂੰ ਬੈਲਨ ਡੀ’ਓਰ ਕਹਿੰਦੇ ਹਨ। ਇਹ ਕਲੱਬ ਤੇ ਕੌਮੀ ਟੀਮ ’ਚ ਖੇਡਦਿਆਂ ਸਾਲ-ਭਰ ਦੇ ਸਭ ਤੋਂ ਸ੍ਰੇਸ਼ਠ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ। ਇਸ ਦੀ ਸ਼ੁਰੂਆਤ ਫਰਾਂਸੀਸੀ ਰਸਾਲੇ ‘ਫਰਾਂਸ ਫੁੱਟਬਾਲ’ ਨੇ ਕੀਤੀ ਸੀ। ਸਰਵਸ੍ਰੇਸ਼ਠ ਖਿਡਾਰੀ ਦੀ ਚੋਣ ਫੁੱਟਬਾਲ ਪੱਤਰਕਾਰ ਕਰਦੇ ਹਨ। ਅਰਜਨਟੀਨਾ ਦੇ ਲਿਓਨਲ ਮੈਸੀ ਨੇ ਸਭ ਤੋਂ ਵੱਧ 2009, 10, 11, 12, 15, 19, 21 ਤੇ 23 ਵਿਚ ਇਹ ਪੁਰਸਕਾਰ ਹਾਸਲ ਕੀਤਾ, ਜਦਕਿ ਉਸ ਤੋਂ ਬਾਅਦ ਪੁਰਤਗਾਲ ਦੇ �ਿਸਟੀਆਨੋ ਰੋਨਾਲਡੋ ਨੇ 2008, 13, 14, 16, 17 ਵਿਚ ਪੁਰਸਕਾਰ ਜਿੱਤਿਆ। ਕਹਿਣ ਦਾ ਮਤਲਬ ਲਗਭਗ ਡੇਢ ਦਹਾਕਾ ਇਹੀ ਛਾਏ ਰਹੇ। ਐਤਕੀਂ ਪਹਿਲੀ ਵਾਰ ਹੈ ਕਿ 2024 ਲਈ ਜਿਹੜੇ 30 ਖਿਡਾਰੀਆਂ ਵਿੱਚੋਂ ਇਸ ਪੁਰਸਕਾਰ ਲਈ ਚੋਣ ਕੀਤੀ ਜਾਣੀ ਹੈ, ਉਨ੍ਹਾਂ ਵਿੱਚ ਦੋਨਾਂ ਦੇ ਨਾਂਅ ਨਹੀਂ ਹਨ। ਮੈਸੀ ਦੀ ਉਮਰ 37 ਸਾਲ ਤੇ ਰੋਨਾਲਡੋ ਦੀ 39 ਸਾਲ ਹੈ। ਹਾਲਾਂਕਿ ਇਹ ਦੋਵੇਂ ਅਜੇ ਵੀ ਖੇਡ ਰਹੇ ਹਨ, ਪਰ ਧਾਰ ਥੋੜ੍ਹੀ ਖੁੰਢੀ ਹੋ ਗਈ ਹੈ।