ਚੰਡੀਗੜ੍ਹ : ਭਾਜਪਾ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਜਾਰੀ ਉਮੀਦਵਾਰਾਂ ਦੀ ਸੂਚੀ ਵਿਚ ਸੁਨੀਲ ਸਾਂਗਵਾਨ ਦੇ ਨਾਂਅ ਨੇ ਕਾਫੀ ਹੈਰਾਨ ਕੀਤਾ ਹੈ। ਉਸ ਨੂੰ ਦਾਦਰੀ ਤੋਂ ਟਿਕਟ ਦਿੱਤੀ ਗਈ ਹੈ।
ਉਸ ਨੇ ਤਿੰਨ ਦਿਨ ਪਹਿਲਾਂ ਹੀ ਜੇਲ੍ਹ ਸੁਪਰਡੈਂਟ ਦੇ ਅਹੁਦੇ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲਈ ਸੀ। ਉਸ ਨੇ ਐਤਵਾਰ ਸਰਕਾਰ ਨੂੰ ਪੱਤਰ ਲਿਖਿਆ ਅਤੇ ਸਰਕਾਰ ਨੇ ਉਸ ਨੂੰ ਤੁਰੰਤ ਸੇਵਾਮੁਕਤ ਕਰ ਦਿੱਤਾ। ਸਾਂਗਵਾਨ ਨੇ ਆਪਣੇ ਕਾਰਜਕਾਲ ਦੌਰਾਨ ਬਲਾਤਕਾਰ ਅਤੇ ਕਤਲ ਕੇਸ ’ਚ ਦੋਸ਼ੀ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਅਤੇ ਫਰਲੋ ਦਿੱਤੀ ਸੀ।
ਸਾਂਗਵਾਨ ਇਸ ਸਮੇਂ ਗੁਰੂਗ੍ਰਾਮ ਦੀ ਭੋਂਡਸੀ ਜੇਲ੍ਹ ’ਚ ਤਾਇਨਾਤ ਸੀ, ਪਰ ਇਸ ਤੋਂ ਪਹਿਲਾਂ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਦਾ ਸੁਪਰਡੈਂਟ ਰਿਹਾ ਅਤੇ ਇੱਥੇ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਬਾਬਾ ਰਾਮ ਰਹੀਮ ਨੂੰ ਛੇ ਵਾਰ ਪੈਰੋਲ ਦਿੱਤੀ ਗਈ। ਸਰਕਾਰ ਕਿਸੇ ਵੀ ਕੈਦੀ ਨੂੰ ਜੇਲ੍ਹ ਸੁਪਰਡੈਂਟ ਦੀ ਸਿਫਾਰਸ਼ ’ਤੇ ਹੀ ਪੈਰੋਲ ਅਤੇ ਫਰਲੋ ਦਿੰਦੀ ਹੈ। ਸਾਂਗਵਾਨ ਨੇ 22 ਸਾਲ ਹਰਿਆਣਾ ਪੁਲਸ ’ਚ ਕੰਮ ਕੀਤਾ। ਰਾਮ ਰਹੀਮ ਨੂੰ 2017 ਤੋਂ ਲੈ ਕੇ ਹੁਣ ਤੱਕ 10 ਵਾਰ ਪੈਰੋਲ-ਫਰਲੋ ਮਿਲ ਚੁੱਕੀ ਹੈ, ਜਿਸ ’ਚੋਂ 6 ਵਾਰ ਸਾਂਗਵਾਨ ਦੇ ਕਾਰਜਕਾਲ ਦੌਰਾਨ ਮਿਲੀ ਸੀ। ਦੰਗਲ ਗਰਲ ਫੇਮ ਭਲਵਾਨ ਬਬੀਤਾ ਫੋਗਾਟ ਵੀ ਦਾਦਰੀ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜਨਾ ਚਾਹੁੰਦੀ ਸੀ। ਬਬੀਤਾ 2019 ਦੀਆਂ ਚੋਣਾਂ ਵਿੱਚ ਇੱਥੋਂ ਚੋਣ ਹਾਰ ਗਈ ਸੀ। ਸੁਨੀਲ ਸਾਂਗਵਾਨ ਦੇ ਪਿਤਾ ਸਤਪਾਲ ਸਾਂਗਵਾਨ ਹਰਿਆਣਾ ’ਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ।