ਇਸ ਸਾਲ ਦੇ ਅਜ਼ਾਦੀ ਦਿਹਾੜੇ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਔਰਤਾਂ ਵਿਰੁੱਧ ਅਪਰਾਧਾਂ ਦੀ ਨਿੰਦਾ ਕਰਦਿਆਂ ਇਸ ਨੂੰ ਰਾਖਸ਼ੀ ਕਾਰਾ ਕਿਹਾ ਸੀ | ਉਨ੍ਹਾ ਕਿਹਾ ਸੀ, ”ਇਸ ਗੁੱਸੇ ਨੂੰ ਮੈਂ ਮਹਿਸੂਸ ਕਰਦਾ ਹਾਂ | ਅਜਿਹਾ ਪਾਪ ਕਰਨ ਵਾਲਿਆਂ ਵਿੱਚ ਇਹ ਡਰ ਪੈਦਾ ਕਰਨਾ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਫਾਂਸੀ ‘ਤੇ ਲਟਕਣਾ ਪਵੇਗਾ |”
ਇਹ ਸਰਸਰੀ ਟਿੱਪਣੀ ਨਹੀਂ ਸੀ | ਇਸ ਤੋਂ 9 ਦਿਨ ਬਾਅਦ ਮਮਤਾ ਬੈਨਰਜੀ ਦੀ ਸੱਤਾ ਵਾਲੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਇੱਕ ਟਰੇਨੀ ਡਾਕਟਰ ਨਾਲ ਹੋਏ ਬਲਾਤਕਾਰ ਤੇ ਹੱਤਿਆ ਦੀ ਘਟਨਾ ਬਾਰੇ ਉਨ੍ਹਾ ਕਿਹਾ ਸੀ, ”ਔਰਤਾਂ ਵਿਰੁੱਧ ਅਪਰਾਧ ਨਾਸਹਿਣਯੋਗ ਹਨ | ਅਪਰਾਧੀ ਭਾਵੇਂ ਕੋਈ ਵੀ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ | ਮਾਵਾਂ-ਭੈਣਾਂ ਤੇ ਬੇਟੀਆਂ ਦੀ ਸੁਰੱਖਿਆ ਦੇਸ਼ ਲਈ ਪਹਿਲ ਹੈ |” ਇਸ ਵਾਰ ਪ੍ਰਧਾਨ ਮੰਤਰੀ ਨੇ ਔਰਤਾਂ ਵਿਰੁੱਧ ਅਪਰਾਧ ਕਰਨ ਵਾਲਿਆਂ ਦੀ ਮਦਦ ਕਰਨ ਵਾਲਿਆਂ ਦੀ ਵੀ ਨਿੰਦਾ ਕੀਤੀ ਸੀ | ਉਨ੍ਹਾ ਕਿਹਾ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ | ਉਨ੍ਹਾ ਇਹ ਵੀ ਕਿਹਾ ਕਿ ਉਹ ਲਾਲ ਕਿਲ੍ਹੇ ਤੋਂ ਵਾਰ-ਵਾਰ ਇਸ ਮੁੱਦੇ ਨੂੰ ਉਠਾਉਂਦੇ ਰਹੇ ਹਨ |
ਇਹ ਠੀਕ ਹੈ ਕਿ ਪ੍ਰਧਾਨ ਮੰਤਰੀ ਇਸ ਮੁੱਦੇ ਨੂੰ ਵਾਰ-ਵਾਰ ਚੁੱਕਦੇ ਰਹੇ ਹਨ | ਸਾਲ 2022 ਵਿੱਚ ਲਾਲ ਕਿਲ੍ਹੇ ਤੋਂ ਦਿੱਤੇ ਭਾਸ਼ਣ ਵਿੱਚ ਮੋਦੀ ਨੇ ਆਪਣੀ ਪੀੜ ਦਾ ਪ੍ਰਗਟਾਵਾ ਕੀਤਾ ਸੀ | ਉਨ੍ਹਾ ਦੇਸ਼ ਵਾਸੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਸੀ, ”ਕੀ ਅਸੀਂ ਸੁਭਾਅ ਪੱਖੋਂ ਤੇ ਸੰਸਕਾਰ ਪੱਖੋਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਔਰਤ ਨੂੰ ਅਪਮਾਨਤ ਕਰਨ ਵਾਲੀ ਹਰ ਹਰਕਤ ਤੋਂ ਮੁਕਤੀ ਹਾਸਲ ਕਰਨ ਦਾ ਸੰਕਲਪ ਲੈ ਸਕਦੇ ਹਾਂ |”
ਸਾਲ 2022 ਦਾ ਇਹ ਅਜ਼ਾਦੀ ਦਿਹਾੜਾ ਸਧਾਰਨ ਨਹੀਂ ਸੀ, ਸਗੋਂ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ ਦਿਵਸ ਵੀ ਸੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਪੀੜਾ ਕਿੰਨੀ ਝੂਠੀ ਤੇ ਓਪਰੀ ਸੀ, ਜਿਸ ਦੀ ਸਚਾਈ ਇੱਕੋ ਘਟਨਾ ਨੇ ਬਿਆਨ ਕਰ ਦਿੱਤੀ ਸੀ | ਪ੍ਰਧਾਨ ਮੰਤਰੀ ਜਿਸ ਦਿਨ ਲਾਲ ਕਿਲ੍ਹੇ ਤੋਂ ਆਪਣੀ ਇਹ ਪੀੜਾ ਵਿਅਕਤ ਕਰ ਰਹੇ ਸਨ, ਉਸੇ ਦਿਨ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਤੇ ਉਸ ਦੇ ਪਰਵਾਰ ਦੇ ਜੀਆਂ ਨੂੰ ਕਤਲ ਕਰਨ ਵਾਲੇ ਉਮਰ ਕੈਦ ਭੁਗਤ ਰਹੇ ਦਰਿੰਦਿਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ | ਇਹੋ ਨਹੀਂ, ਉਨ੍ਹਾਂ ਦੇ ਬਾਹਰ ਆਉਣ ਉੱਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਸੀ |
2002 ਦੇ ਗੁਜਰਾਤ ਦੰਗਿਆਂ ਦੌਰਾਨ ਜਦੋਂ 19 ਸਾਲਾ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਹੋਇਆ ਤਾਂ ਉਹ ਪੰਜ ਮਹੀਨੇ ਦੀ ਗਰਭਵਤੀ ਸੀ | ਉਸ ਦੇ ਪਰਵਾਰ ਦੇ 14 ਮੈਂਬਰਾਂ ਨੂੰ ਦੰਗਾਕਾਰੀਆਂ ਨੇ ਮਾਰ ਦਿੱਤਾ, ਜਿਨ੍ਹਾਂ ਵਿੱਚ ਉਸ ਦੀ ਤਿੰਨ ਸਾਲਾਂ ਦੀ ਧੀ ਵੀ ਸ਼ਾਮਲ ਸੀ | ਉਸ ਦਾ ਸਿਰ ਫੇਹ ਦਿੱਤਾ ਗਿਆ ਸੀ | ਬਿਲਕਿਸ ਬਾਨੋ ਦੇ ਬਲਾਤਕਾਰੀ ਹਤਿਆਰਿਆਂ ਨੂੰ ਰਿਹਾਅ ਕਰਨ ਦੀ ਮਨਜ਼ੂਰੀ ਮੋਦੀ ਸਰਕਾਰ ਨੇ ਦਿੱਤੀ ਸੀ | ਇਸ ਰਿਹਾਈ ਦੀ ਮਨਜ਼ੂਰੀ ਉੱਤੇ ਮੋਦੀ ਦੇ ਸਭ ਤੋਂ ਭਰੋਸੇਮੰਦ ਸਾਥੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਸਤਖਤ ਸਨ |
ਇਨ੍ਹਾਂ ਅਪਰਾਧੀਆਂ ਦੀ ਰਿਹਾਈ ਦਾ ਦਿਨ ਤੇ ਮੋਦੀ ਦੀ ਪੀੜ ਇਹ ਸਪੱਸ਼ਟ ਕਰ ਦਿੰਦੀ ਹੈ ਕਿ ਉਨ੍ਹਾ ਦੀ ਸਰਕਾਰ ਔਰਤਾਂ ਵਿਰੁੱਧ ਅਪਰਾਧ ਕਰਨ ਵਾਲਿਆਂ ਬਾਰੇ ਕਿੰਨੀ ਗੰਭੀਰ ਹੈ | ਮੋਦੀ ਦਾ ਇਸ ਆਜ਼ਾਦੀ ਦਿਵਸ ਉੱਤੇ ਇਹ ਕਹਿਣਾ ਕਿ ਉਹ ਔਰਤਾਂ ਵਿਰੁੱਧ ਅਪਰਾਧਾਂ ਦੇ ਮੁੱਦੇ ਨੂੰ ਹਰ ਸੁਤੰਤਰਤਾ ਦਿਹਾੜੇ ਉੱਤੇ ਉਠਾਉਂਦੇ ਰਹੇ ਹਨ, ਨਿਰੀ ਬਕਵਾਸ ਤੋਂ ਵੱਧ ਕੁਝ ਨਹੀਂ ਹੈ | ਇਹ ਸੁਪਰੀਮ ਕੋਰਟ ਸੀ, ਜਿਸ ਨੇ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਨੂੰ ਮੁੜ ਜੇਲ੍ਹ ਭੇਜਿਆ ਹੈ |