ਪਟਿਆਲਾ (ਰਾਜਿੰਦਰ ਸਿੰਘ ਥਿੰਦ)
ਅਮਰੀਕਾ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 130 ਭਾਰਤੀਆਂ ਨੂੰ ਪਨਾਮਾ ਤੋਂ ਸ਼ੁੱਕਰਵਾਰ ਭਾਰਤ ਵਾਪਸ ਭੇਜ ਦਿੱਤਾ ਗਿਆ। ਇਹ ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਬ੍ਰਾਜ਼ੀਲ ਅਤੇ ਸੂਰੀਨਾਮ ਦੇ ਜੰਗਲਾਂ ’ਚੋਂ ਹੁੰਦੇ ਹੋਏ ਅਮਰੀਕਾ ਜਾ ਰਹੇ ਸਨ। ਉਹਨਾਂ ਨੂੰ ਪਨਾਮਾ ਦੀ ਪੁਲਸ ਵੱਲੋਂ ਡਿਪੋਰਟ ਕਰਕੇ ਫਲਾਈਟ ਜ਼ਰੀਏ ਨਵੀਂ ਦਿੱਲੀ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਜਾ ਰਹੀ ਇਕ ਚਾਰਟਰ ਫਲਾਈਟ ਨੂੰ ਦਸੰਬਰ 2023 ’ਚ ਫਰਾਂਸ ’ਚ ਰੋਕ ਕੇ ਮੁੰਬਈ ਵਾਪਸ ਲਿਆਂਦਾ ਗਿਆ ਸੀ, ਪਰ ਫਿਰ ਸਾਰਾ ਮਾਮਲਾ ਠੰਢਾ ਪੈ ਗਿਆ ਸੀ। ਅਮਰੀਕਾ ਪਹੁੰਚਣ ਲਈ ਇਹ ਪ੍ਰਵਾਸੀ ਡੈਰੀਅਨ ਗੈਪ ਲਾਈਨ ਨੂੰ ਪਾਰ ਕਰਕੇ ਗੈਰ-ਕਾਨੂੰਨੀ ਢੰਗ ਨਾਲ ਪਨਾਮਾ ਜਾਂਦੇ ਹਨ। ਹੁਣ ਅਮਰੀਕਾ ਨੇ ਅਜਿਹੇ ਪ੍ਰਵਾਸੀਆਂ ਨੂੰ ਮੈਕਸੀਕੋ ਪਹੁੰਚਣ ਤੋਂ ਰੋਕਣ ਲਈ ਜੁਲਾਈ ਮਹੀਨੇ ਵਿੱਚ ਪਨਾਮਾ ਨਾਲ ਮਿਲ ਕੇ ਇੱਕ ਸਮਝੌਤਾ ਕੀਤਾ ਹੈ। ਪਨਾਮਾ ਨੇ ਇਸ ਮਿਸ਼ਨ ਤਹਿਤ ਭਾਰਤ ਲਈ ਪਹਿਲੀ ਡਿਪੋਰਟੇਸ਼ਨ ਫਲਾਈਟ ਭੇਜੀ ਹੈ। ਪਨਾਮਾ ਨੇ ਇਸ ਤੋਂ ਪਹਿਲਾਂ ਸਪੈਨਿਸ਼ ਦੇਸ਼ ਕੋਲੰਬੀਆ ਲਈ ਵੀ ਪਹਿਲੀ ਡਿਪੋਰਟੇਸ਼ਨ ਫਲਾਈਟ ਭੇਜੀ ਸੀ ਅਤੇ ਫਿਰ ਪਨਾਮਾ ਸਰਕਾਰ ਨੇ ਨਾਲ ਲੱਗਦੇ ਹੋਰ ਦੱਖਣੀ ਅਮਰੀਕੀ ਦੇਸ਼ਾਂ ਦੇ ਨਾਲ-ਨਾਲ ਭਾਰਤ ਤੇ ਚੀਨ ਨੂੰ ਵੀ ਦੇਸ਼ ਨਿਕਾਲੇ ਦੀਆਂ ਉਡਾਣਾਂ ਭੇਜਣ ਦਾ ਐਲਾਨ ਕਰ ਦਿੱਤਾ ਹੈ।
ਪਨਾਮਾ ਦੀ ਸਰਕਾਰ ਨੇ ਜਾਣਕਾਰੀ ਦਿੱਤੀ ਸੀ ਕਿ ਭਾਰਤੀਆਂ ਦੀ ਡਿਪੋਰਟੇਸ਼ਨ ਫਲਾਈਟ 4 ਸਤੰਬਰ ਨੂੰ ਰਵਾਨਾ ਹੋਵੇਗੀ, ਪਰ ਫਲਾਈਟ ਨੇ ਆਪਣੇ ਨਿਰਧਾਰਤ ਸਮੇਂ ਤੋਂ ਦੋ ਦਿਨ ਬਾਅਦ ਨਵੀਂ ਦਿੱਲੀ ਲਈ ਉਡਾਣ ਭਰੀ। ਸੂਤਰਾਂ ਦੀ ਮੰਨੀਏ ਤਾਂ ਪੰਜਾਬੀ, ਗੁਜਰਾਤੀ, ਹਰਿਆਣਵੀ ਸਮੇਤ ਭਾਰਤੀ ਸੂਰੀਨਾਮ ਦੇ ਜੰਗਲ ਪਾਰ ਕਰਕੇ ਅਤੇ ਬ੍ਰਾਜ਼ੀਲ ’ਚ ਉਤਰਨ ਤੋਂ ਬਾਅਦ ਪਨਾਮਾ ਦੇ ਰਸਤੇ ਅਮਰੀਕਾ ਜਾ ਰਹੇ ਸਨ। ਪਿਛਲੇ ਚਾਰ-ਪੰਜ ਮਹੀਨਿਆਂ ’ਚ ਬ੍ਰਾਜ਼ੀਲ ਜਾਣ ਵਾਲੇ ਭਾਰਤੀਆਂ ਦੀ ਗਿਣਤੀ ’ਚ ਵੀ ਕਾਫੀ ਵਾਧਾ ਹੋਇਆ ਸੀ। ਹਾਲਾਂਕਿ ਅਮਰੀਕਾ ਦੇ ਕਹਿਣ ’ਤੇ ਬ੍ਰਾਜ਼ੀਲ ਨੇ ਅਗਸਤ ਮਹੀਨੇ ’ਚ ਹੀ ਭਾਰਤੀਆਂ ਨੂੰ ਟੂਰਿਸਟ ਵੀਜ਼ਾ ਅਤੇ ਸ਼ਰਨ ਦੇਣ ਦੇ ਨਿਯਮ ਵੀ ਸਖਤ ਕਰ ਦਿੱਤੇ ਸਨ।
ਇਸ ਤੋਂ ਇਲਾਵਾ ਅਮਰੀਕਾ ਨੇ ਨਿਕਾਰਾਗੁਆ ਲਈ ਚਾਰਟਰ ਉਡਾਣਾਂ ਨੂੰ ਵੀ ਰੋਕ ਦਿੱਤਾ ਹੈ, ਜਿਸ ਨਾਲ ਕਾਨੂੰਨੀ ਤੌਰ ’ਤੇ ਅਮਰੀਕਾ ਤੱਕ ਪਹੁੰਚਣ ਦਾ ਉਹਨਾਂ ਲਈ ਕੋਈ ਰਸਤਾ ਨਹੀਂ ਬਚਿਆ।




