ਚੰਡੀਗੜ੍ਹ : ਭਲਵਾਨ ਤੇ ਹਰਿਆਣਾ ਦੇ ਜੁਲਾਨਾ ਅਸੰਬਲੀ ਹਲਕੇ ਤੋਂ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਨੇ ਐਤਵਾਰ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਅਸ਼ੀਰਵਾਦ ਨਾਲ ਹਰ ਲੜਾਈ ਜਿੱਤੇਗੀ। 30 ਸਾਲਾ ਫੋਗਾਟ ਜਦੋਂ ਜੁਲਾਨਾ ਪੁੱਜੀ ਤਾਂ ਵੱਖ-ਵੱਖ ਖਾਪਾਂ ਦੇ ਮੈਂਬਰਾਂ ਤੇ ਨੌਜਵਾਨਾਂ ਨੇ ਉਸਨੂੰ ਹਾਰਾਂ ਨਾਲ ਲੱਦ ਦਿੱਤਾ ਅਤੇ ਬਜ਼ੁਰਗ ਮਹਿਲਾਵਾਂ ਤੇ ਮਰਦਾਂ ਨੇ ਅਸ਼ੀਰਵਾਦ ਦਿੱਤਾ। ਹਮਾਇਤੀਆਂ ਨੇ ਢੋਲ ਦੀ ਥਾਪ ’ਤੇ ਵਿਨੇਸ਼ ਫੋਗਾਟ ਜ਼ਿੰਦਾਬਾਦ ਦੇ ਨਾਅਰੇ ਲਾਏ। ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਨ ਸਿੰਘ ਬਾਰੇ ਇਕ ਸਵਾਲ ਦੇ ਜਵਾਬ ਵਿਚ ਫੋਗਾਟ ਨੇ ਕਿਹਾਬਿ੍ਰਜ ਭੂਸ਼ਣ ਦੇਸ਼ ਨਹੀਂ। ਮੇਰਾ ਦੇਸ਼ ਮੇਰੇ ਨਾਲ ਖੜ੍ਹਾ ਹੈ। ਲੋਕਾਂ ਦੇ ਦਰਦ ਘਟਾਉਣਾ ਮੇਰੀ ਜ਼ਿੰਮੇਵਾਰੀ ਹੈ। ਬਿ੍ਰਜ ਭੂਸ਼ਣ ਨੇ ਦੋਸ਼ ਲਾਇਆ ਸੀ ਕਿ ਕਾਂਗਰਸ ਨੇ ਕੁਸ਼ਤੀ ਫੈਡਰੇਸ਼ਨ ’ਤੇ ਕਬਜ਼ਾ ਕਰਨ ਤੇ ਭਾਜਪਾ ’ਤੇ ਹਮਲੇ ਕਰਨ ਲਈ ਫੋਗਾਟ ਤੇ ਬਜਰੰਗ ਪੂਨੀਆ ਨੂੰ ਵਰਤਿਆ। ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਫੋਗਾਟ ਤੇ ਪੂਨੀਆ ਨੇ ਬਿ੍ਰਜ ਭੂਸ਼ਣ ਖਿਲਾਫ ਅੰਦੋਲਨ ਦੀ ਅਗਵਾਈ ਕੀਤੀ ਸੀ ਤੇ ਉਸ ਵਿਰੁੱਧ ਦਿੱਲੀ ਦੀ ਅਦਾਲਤ ’ਚ ਕੇਸ ਚੱਲ ਰਿਹਾ ਹੈ। ਫੋਗਾਟ ਦਾ ਪਿੰਡ ਚਰਖੀ ਦਾਦਰੀ ਜ਼ਿਲ੍ਹੇ ਵਿਚ ਬਲਾਲੀ ਹੈ ਅਤੇ ਜੁਲਾਨਾ ਸਹੁਰੇ ਹਨ।