ਰਾਹੁਲ ਦੇ ਘੱਟ-ਗਿਣਤੀਆਂ ਬਾਰੇ ਬਿਆਨ ਤੋਂ ਭਾਜਪਾਈ ਲੋਹ-ਲਾਖੇ

0
156

ਨਵੀਂ ਦਿੱਲੀ : ਰਾਹੁਲ ਗਾਂਧੀ ਵੱਲੋਂ ਅਮਰੀਕਾ ’ਚ ਭਾਰਤੀ ਘੱਟ ਗਿਣਤੀਆਂ ਵਿਚਲੀ ਬੇਚੈਨੀ ਬਾਰੇ ਕੀਤੀ ਗਈ ਟਿੱਪਣੀ ’ਤੇ ਭਾਜਪਾਈ ਬੁਰੀ ਤਰ੍ਹਾਂ ਖਫਾ ਹੋ ਗਏ ਹਨ। ਵਾਸ਼ਿੰਗਟਨ ਡੀ ਸੀ ਦੇ ਵਰਜੀਨੀਆ ਦੇ ਇਕ ਉਪ ਨਗਰ ਹਰਨਡਾਨ ’ਚ ਅਮਰੀਕਾ ਰਹਿੰਦੇ ਭਾਰਤੀਆਂ ਨੂੰ ਸੰਬੋਧਨ ਦੌਰਾਨ ਰਾਹੁਲ ਨੇ ਕਿਹਾਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕੀ ਹੈ? ਲੜਾਈ ਰਾਜਨੀਤੀ ਦੀ ਨਹੀਂ, ਇਹ ਗੱਲ ਸਤਹੀ ਹੈ।
ਇਸ ਤੋਂ ਬਾਅਦ ਉਨ੍ਹਾ ਸਰੋਤਿਆਂ ਵਿੱਚੋਂ ਇਕ ਪਗੜੀਧਾਰੀ ਵਿਅਕਤੀ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਭਾਈ ਸਾਹਿਬ, ਤੁਹਾਡਾ ਨਾਂਅ ਕੀ ਹੈ? ਜਵਾਬ ਮਿਲਣ ’ਤੇ ਰਾਹੁਲ ਨੇ ਕਿਹਾਲੜਾਈ ਇਸ ਗੱਲ ਨੂੰ ਲੈ ਕੇ ਹੈ ਕਿ ਕੀ ਇੱਕ ਸਿੱਖ ਨੂੰ ਭਾਰਤ ਵਿਚ ਦਸਤਾਰ ਸਜਾਉਣ ਜਾਂ ਕੜਾ ਪਾਉਣ ਦੀ ਆਗਿਆ ਹੋਵੇਗੀ ਕਿ ਨਹੀਂ? ਜਾਂ ਸਿੱਖ ਹੋਣ ਦੇ ਨਾਤੇ ਉਹ ਗੁਰਦੁਆਰੇ ਜਾ ਸਕੇਗਾ ਕਿ ਨਹੀਂ? ਇਹ ਹੈ ਅਸਲ ਲੜਾਈ। ਅਤੇ ਸਿਰਫ ਤੁਹਾਡੀ ਨਹੀਂ, ਸਗੋਂ ਸਾਰੇ ਧਰਮਾਂ ਦੀ ਹੈ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬਕਾਇਦਾ ਪ੍ਰੈੱਸ ਕਾਨਫਰੰਸ ਲਾ ਕੇ ਕਿਹਾ ਕਿ ਰਾਹੁਲ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਵਿਚ ਸਿੱਖਾਂ ਵਿਚ ਬੇਚੈਨੀ ਹੈ ਅਤੇ ਉਹ ਦਸਤਾਰ ਤੇ ਕੜਾ ਨਹੀਂ ਪਹਿਨ ਸਕਦੇ। ਉਨ੍ਹਾ ਕਿਹਾਮੈਂ 60 ਸਾਲ ਤੋਂ ਦਸਤਾਰ ਸਜਾ ਰਿਹਾ ਹਾਂ ਤੇ ਕੜਾ ਪਾ ਰਿਹਾ ਹਾਂ। ਇਸ ਸਰਕਾਰ ਨੇ ਸਿੱਖਾਂ ਦੇ ਮੁੱਦਿਆਂ ਤੇ ਫਿਕਰਾਂ ਵੱਲ ਧਿਆਨ ਦਿੱਤਾ ਹੈ। ਸਾਡੇ ਇਤਿਹਾਸ ਵਿਚ ਸਿੱਖ ਭਾਈਚਾਰਾ ਨੇ ਅਸੁਰੱਖਿਆ ਤੇ ਹੋਂਦ ਨੂੰ ਖਤਰਾ ਉਦੋਂ ਮਹਿਸੂਸ ਕੀਤਾ, ਜਦੋਂ ਰਾਹੁਲ ਗਾਂਧੀ ਦਾ ਪਰਵਾਰ ਸੱਤਾ ’ਚ ਸੀ।
ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਰਾਹੁਲ ਭਾਰਤੀ ਜਮਹੂਰੀਅਤ ਵਿਚ ਕਾਲਾ ਦਾਗ ਹੈ, ਉਸ ਨੂੰ ਪਤਾ ਨਹੀਂ ਕਿ ਬਾਹਰ ਜਾ ਕੇ ਕੀ ਗੱਲ ਕਰਨੀ ਹੈ।
ਆਰ ਪੀ ਸਿੰਘ ਨੇ ਕਿਹਾਦਿੱਲੀ ’ਚ 3000 ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਨ੍ਹਾਂ ਦੀਆਂ ਪੱਗਾਂ ਉਤਾਰ ਦਿੱਤੀਆਂ ਗਈਆਂ, ਉਨ੍ਹਾਂ ਦੇ ਵਾਲ ਕੱਟੇ ਗਏ ਅਤੇ ਦਾੜ੍ਹੀਆਂ ਮੁੰਨ ਦਿੱਤੀਆਂ ਗਈਆਂ, ਰਾਹੁਲ ਗਾਂਧੀ ਇਹ ਨਹੀਂ ਕਹਿੰਦੇ ਕਿ ਇਹ ਸਭ ਉਦੋਂ ਹੋਇਆ, ਜਦੋਂ ਕਾਂਗਰਸ ਦੀ ਸੱਤਾ ਸੀ, ਮੈਂ ਰਾਹੁਲ ਗਾਂਧੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਿੱਖਾਂ ਬਾਰੇ ਬਾਹਰ ਜੋ ਕਹਿ ਰਹੇ ਹਨ, ਉਹ ਭਾਰਤ ’ਚ ਦੁਹਰਾਉਣ ਅਤੇ ਫਿਰ ਮੈਂ ਉਨ੍ਹਾ ਖਿਲਾਫ ਕੇਸ ਦਰਜ ਕਰ ਕੇ ਅਦਾਲਤ ’ਚ ਲੈ ਜਾਵਾਂਗਾ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਹੁਲ ਗਾਂਧੀ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਵਿਰੋਧੀ ਧਿਰ ਦੇ ਨੇਤਾ ਸਨ ਤਾਂ ਉਨ੍ਹਾ ਕਦੇ ਵੀ ਦੇਸ਼ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਹਨ ਅਤੇ ਵਿਰੋਧੀ ਧਿਰ ਦਾ ਅਹੁਦਾ ਇਕ ਜ਼ਿੰਮੇਵਾਰ ਅਹੁਦਾ ਹੈ।
ਉਪਰੋਕਤ ਸਮਾਗਮ ’ਚ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਇਸ ਵਾਰ ਭਾਰਤ ’ਚ ਆਮ ਚੋਣਾਂ ਦੇ ਨਤੀਜਿਆਂ ਨੇ ‘ਮੋਦੀ ਦਾ ਵਿਚਾਰ’ ਢਹਿ-ਢੇਰੀ ਕਰ ਦਿੱਤਾ ਅਤੇ ਪ੍ਰਧਾਨ ਮੰਤਰੀ ਵੱਲੋਂ ਪੈਦਾ ਕੀਤਾ ਗਿਆ ‘ਡਰ’ ਗਾਇਬ ਹੋ ਗਿਆ ਅਤੇ ‘ਇਤਿਹਾਸ’ ਬਣ ਗਿਆ।
ਰਾਹੁਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਲੜਨ ਲਈ ਸਾਰਿਆਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਨਹੀਂ ਸਨ, ਪਰ ਇਸ ਦੇ ਬਾਵਜੂਦ ਭਾਜਪਾ ਦੀ ਅਗਵਾਈ ਵਾਲਾ ਸੱਤਾਧਾਰੀ ਗੱਠਜੋੜ ਢਹਿ-ਢੇਰੀ ਹੋ ਗਿਆ, ‘ਇਕਦਮ ਵਿੱਚੋਂ’ ਟੁੱਟ ਗਿਆ। ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਚੀਜ਼ਾਂ ਬਦਲੀਆਂ ਹਨ। ਮੋਦੀ ਜੀ ਵੱਲੋਂ ਪੈਦਾ ਕੀਤਾ ਗਿਆ ਡਰ ਇਕ ਸਕਿੰਟ ’ਚ ਗਾਇਬ ਹੋ ਗਿਆ। ਉਸ ਡਰ ਨੂੰ ਪੈਦਾ ਕਰਨ ’ਚ ਕਈ ਸਾਲ ਲੱਗ ਗਏ, ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਗਈਆਂ ਅਤੇ ਕਾਫੀ ਪੈਸਾ ਲਗਾਇਆ ਗਿਆ, ਪਰ ਇਸ ਨੂੰ ਖਤਮ ਹੋਣ ’ਚ ਸਿਰਫ ਇਕ ਸਕਿੰਟ ਲੱਗਾ।
ਰਾਹੁਲ ਨੇ ਅੱਗੇ ਕਿਹਾਮੈਂ ਤੁਹਾਨੂੰ ਦੱਸ ਦੇਵਾਂ ਕਿ ਮੋਦੀ ਦਾ ਵਿਚਾਰ 56 ਇੰਚ ਦੀ ਛਾਤੀ, ਰੱਬ ਨਾਲ ਸਿੱਧਾ ਜੋੜ ਆਦਿ ਸਭ ਗਾਇਬ ਹੋ ਗਿਆ, ਹੁਣ ਇਹ ਇਤਿਹਾਸ ਹੈ।ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਰਾਖਵੇਂਕਰਨ ਨੂੰ ਖਤਮ ਕਰਨ ਬਾਰੇ ਉਦੋਂ ਸੋਚੇਗੀ ਜਦੋਂ ਭਾਰਤ ’ਚ ਰਾਖਵੇਂਕਰਨ ਦੇ ਲਿਹਾਜ਼ ਨਾਲ ਨਿਰਪੱਖਤਾ ਹੋਵੇਗੀ ਅਤੇ ਅਜੇ ਅਜਿਹਾ ਨਹੀਂ ਹੈ। ਜੌਰਜਟਾਊਨ ਯੂਨੀਵਰਸਿਟੀ ’ਚ ਗੱਲਬਾਤ ਦੌਰਾਨ ਵਿਦਿਆਰਥੀਆਂ ਨੇ ਰਾਹੁਲ ਨੂੰ ਰਾਖਵੇਂਕਰਨ ਨੂੰ ਲੈ ਕੇ ਸਵਾਲ ਕੀਤਾ ਸੀ ਅਤੇ ਪੁੱਛਿਆ ਸੀ ਕਿ ਇਹ ਕਦੋਂ ਤੱਕ ਜਾਰੀ ਰਹੇਗਾ। ਇਸ ’ਤੇ ਉਨ੍ਹਾ ਕਿਹਾਜਦੋਂ ਭਾਰਤ ’ਚ ਰਾਖਵੇਂਕਰਨ ਦੇ ਲਿਹਾਜ਼ ਨਾਲ ਨਿਰਪੱਖਤਾ ਹੋਵੇਗੀ ਤਾਂ ਅਸੀਂ ਰਾਖਵਾਂਕਰਨ ਖਤਮ ਕਰਨ ਬਾਰੇ ਸੋਚਾਂਗੇ। ਅਜੇ ਭਾਰਤ ਇਸ ਵਾਸਤੇ ਇਕ ਨਿਰਪੱਖ ਜਗ੍ਹਾ ਨਹੀਂ ਹੈ।
ਰਾਹੁਲ ਨੇ ਕਿਹਾਜਦੋਂ ਤੁਸੀਂ ਵਿੱਤੀ ਅੰਕੜਿਆਂ ਨੂੰ ਦੇਖਦੇ ਹੋ, ਤਾਂ ਕਬਾਇਲੀਆਂ ਨੂੰ 100 ਰੁਪਏ ’ਚੋਂ 10 ਰੁਪਏ ਮਿਲਦੇ ਹਨ। ਦਲਿਤਾਂ ਨੂੰ 100 ਰੁਪਏ ’ਚੋਂ ਪੰਜ ਰੁਪਏ ਮਿਲਦੇ ਹਨ ਅਤੇ ਹੋਰ ਪੱਛੜੇ ਵਰਗ ਦੇ ਲੋਕਾਂ ਨੂੰ ਵੀ ਲੱਗਭੱਗ ਐਨੇ ਹੀ ਪੈਸੇ ਮਿਲਦੇ ਹਨ। ਸੱਚ ਇਹ ਹੈ ਕਿ ਉਨ੍ਹਾਂ ਨੂੰ ਉਚਿੱਤ ਹਿੱਸੇਦਾਰੀ ਨਹੀਂ ਮਿਲ ਰਹੀ ਹੈ। ਸਮੱਸਿਆ ਇਹ ਹੈ ਕਿ ਭਾਰਤ ਦੀ 90 ਫੀਸਦ ਆਬਾਦੀ ਭਾਗੀਦਾਰੀ ਕਰਨ ’ਚ ਸਮਰੱਥ ਨਹੀਂ ਹੈ। ਭਾਰਤ ਦੇ ਹਰੇਕ ‘ਬਿਜ਼ਨਸ ਲੀਡਰ’ ਦੀ ਸੂਚੀ ਦੇਖੋ। ਮੈਂ ਅਜਿਹਾ ਕੀਤਾ ਹੈ। ਮੈਨੂੰ ਕਬਾਇਲੀ ਨਾਂਅ ਦਿਖਾਓ। ਮੈਨੂੰ ਦਲਿਤ ਨਾਂਅ ਦਿਖਾਓ। ਮੈਨੂੰ ਓ ਬੀ ਸੀ ਨਾਂਅ ਦਿਖਾਓ। ਮੈਨੂੰ ਲੱਗਦਾ ਹੈ ਕਿ ਸਿਖਰਲੇ 200 ਵਿੱਚੋਂ ਇਕ ਓ ਬੀ ਸੀ ਹੈ। ਉਹ ਭਾਰਤ ਦੀ ਆਬਾਦੀ ਦਾ 50 ਫੀਸਦ ਹਨ, ਪਰ ਅਸੀਂ ਇਸ ਬਿਮਾਰੀ ਦਾ ਇਲਾਜ ਨਹੀਂ ਕਰ ਰਹੇ ਹਨ। ਇਹੀ ਸਮੱਸਿਆ ਹੈ। ਅਮਰੀਕਾ ਦਾ ਚਾਰ ਦਿਨਾਂ ਦੌਰਾ ਕਰ ਰਹੇ ਰਾਹੁਲ ਨੇ ਸੋਮਵਾਰ ਜੌਰਜਟਾਊਨ ਯੂਨੀਵਰਸਿਟੀ ਤੋਂ ਇਲਾਵਾ ਵਾਸ਼ਿੰਗਟਨ ਡੀ ਸੀ ਦੇ ਵਰਜੀਨੀਆ ਦੇ ਇਕ ਉਪ ਨਗਰ ਹਰਨਡਾਨ ’ਚ ਪ੍ਰੋਗਰਾਮ ਨੂੰ ਸੰਬੋਧਨ ਕੀਤਾ।

LEAVE A REPLY

Please enter your comment!
Please enter your name here