ਸੰਗਰੂਰ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ, ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਕਾਰਜਕਾਰੀ ਪ੍ਰਧਾਨ ਸੁਖਦੇਵ ਸ਼ਰਮਾ ਅਤੇ ਡਿਪਟੀ ਜਨਰਲ ਸਕੱਤਰ ਅਮਰਜੀਤ ਸਿੰਘ ਆਸਲ ਨੇ ਬੁੱਧਵਾਰ ਇੱਥੇ ਸਾਂਝੇ ਬਿਆਨ ਰਾਹੀਂ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਦੀ ਮਜ਼ਦੂਰ-ਮੁਲਾਜ਼ਮ ਵਿਰੋਧੀ ਨੀਤੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਨਾਲ ਮੀਟਿੰਗਾਂ ਵਿੱਚ ਜੋ ਮੰਗਾਂ ’ਤੇ ਜੋ ਸਹਿਮਤੀ ਹੋਈ ਹੈ, ਉਹਨਾਂ ਨੂੰ ਪਾਵਰਕਾਮ ਦੀ ਮੈਨੇਜਮੈਂਟ ਲਾਗੂ ਨਹੀਂ ਕਰ ਰਹੀ। ਲਗਾਤਾਰ ਘਾਤਕ ਹਾਦਸਿਆਂ ਵਿੱਚ ਜਾਨਾਂ ਗੁਆ ਰਹੇ ਮੁਲਾਜ਼ਮਾਂ ਨੂੰ ਸਹਿਮਤੀ ਅਨੁਸਾਰ ਸ਼ਹੀਦ ਦਾ ਦਰਜਾ ਅਤੇ ਮੁਆਵਜ਼ਾ ਦੇਣ ਨੂੰ ਤਿਆਰ ਨਹੀਂ, ਕੱਚੇ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਲੰਮੇ ਸਮੇਂ ਤੋਂ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਗਰੇਡ ਅਨੁਸਾਰ ਨਹੀਂ ਦਿੱਤੀਆਂ ਜਾ ਰਹੀਆਂ। ਇਸ ਤੋਂ ਨਿਰਾਸ਼ ਹੋ ਕੇ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਬਿਜਲੀ ਮੁਲਾਜ਼ਮ ਏਕਤਾ ਮੰਚ, ਜਾਇੰਟ ਫੋਰਮ ਅਤੇ ਐਸੋਸੀਏਸ਼ਨ ਜੂਨੀਅਰ ਇੰਜੀਨੀਅਰ ਨੇ ਸੰਘਰਸ਼ ਦਾ ਰਾਹ ਫੜਿਆ ਹੈ। ਪਾਵਰ ਦੀ ਮੈਨੇਜਮੈਂਟ ਮੁਲਾਜ਼ਮਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਪੰਜਾਬ ਏਟਕ ਮੁਲਾਜ਼ਮਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦੀ ਹੈ ਅਤੇ ਮੈਨੇਜਮੈਂਟ ਨੂੰ ਤਾੜਨਾ ਕਰਦੀ ਹੈ ਕਿ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਪਰੋਕਤ ਆਗੂਆਂ ਨੇ ਬਿਜਲੀ ਮੁਲਾਜ਼ਮਾਂ ਨੂੰ ਦਿ੍ਰੜ੍ਹਤਾ ਨਾਲ ਲੜੇ ਜਾ ਰਹੇ ਘੋਲ ’ਤੇ ਵਧਾਈ ਦਿੱਤੀ ਹੈ।




