ਇੰਫਾਲ ’ਚ ਸਥਿਤੀ ਅਜੇ ਵੀ ਤਣਾਅਪੂਰਨ

0
106

ਇੰਫਾਲ : ਮਨੀਪੁਰ ’ਚ ਇਕ ਦਿਨ ਪਹਿਲਾਂ ਰਾਜ ਭਵਨ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਵਿਦਿਆਰਥੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪ ਹੋਣ ਤੋਂ ਬਾਅਦ ਬੁੱਧਵਾਰ ਸਥਿਤੀ ਤਣਾਅਪੂਰਨ, ਪਰ ਕੰਟਰੋਲ ਹੇਠ ਰਹੀ।
ਇਸੇ ਦੌਰਾਨ ਇਨਰ ਮਨੀਪੁਰ ਦੇ ਸੰਸਦ ਮੈਂਬਰ ਏ ਬਿਮੋਲ ਅਕੋਈਜਾਮ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮਨੀਪੁਰ ’ਚ ਹੋ ਰਹੀ ਬੇਮਿਸਾਲ ਹਿੰਸਾ ਦੇ ਸੰਕਟ ’ਤੇ ਦੁੱਖ ਜ਼ਾਹਰ ਕੀਤਾ ਅਤੇ ਸ਼ਾਂਤੀ ਕਾਇਮ ਕਰਨ ਲਈ ਲੋੜੀਂਦੇ ਕਦਮ ਉਠਾਉਣ ਦੀ ਅਪੀਲ ਕੀਤੀ ਹੈ।
ਰਾਜਧਾਨੀ ’ਚ ਮੰਗਲਵਾਰ ਦੁਪਹਿਰ ਨੂੰ ਲਗਾਇਆ ਗਿਆ ਕਰਫਿਊ ਜਾਰੀ ਰਿਹਾ, ਜਦਕਿ ਵਾਧੂ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਪੁਲਸ ਮੁਲਾਜ਼ਮ ਲਗਾਤਾਰ ਗਸ਼ਤ ਕਰ ਰਹੇ ਹਨ। ਇਕ ਵਿਦਿਆਰਥੀ ਜਥੇਬੰਦੀ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੰਗਲਵਾਰ ਹੋਈ ਝੜਪ ’ਚ 55 ਤੋਂ ਵੱਧ ਵਿਦਿਆਰਥੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਖੇਤਰੀ ਮੈਡੀਕਲ ਸਾਇੰਸ ਇੰਸਟੀਟਿਊਟ ’ਚ ਭਰਤੀ ਕਰਵਾਇਆ ਗਿਆ ਹੈ।
ਰਾਜ ਭਵਨ ਵੱਲੋਂ ਮੰਗਲਵਾਰ ਨੂੰ ਦੇਰ ਰਾਤ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਵਿਦਿਆਰਥੀਆਂ ਦੇ ਨੁਮਾਇੰਦਿਆਂ ਨੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ। ਵਿਦਿਆਰਥੀ ਨੁਮਾਇੰਦਿਆਂ ਨੇ ਰਾਜਪਾਲ ਨੂੰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਉਚਿਤ ਕਦਮ ਉਠਾਉਣ ਦੀ ਅਪੀਲ ਕੀਤੀ ਹੈ। ਰਾਜਪਾਲ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਵਿਦਿਆਰਥੀਆਂ ਤੇ ਮਨੀਪੁਰ ਦੀ ਜਨਤਾ ਦੇ ਸਰਵੋਤਮ ਹਿੱਤ ’ਚ ਕਦਮ ਉਠਾਉਣਗੇ। ਇਸ ਵਿਚਾਲੇ ਪੁਲਸ ਨੇ ਕਿਹਾ ਕਿ ਕਾਂਗਪੋਕਪੀ ਜ਼ਿਲ੍ਹੇ ’ਚ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਤੇ ਧਮਾਕਾਖੇਜ ਸਮਗਰੀ ਬਰਾਮਦ ਕੀਤੀ ਗਈ ਹੈ।

LEAVE A REPLY

Please enter your comment!
Please enter your name here