ਭੋਪਾਲ : ਮੱਧ ਪ੍ਰਦੇਸ਼ ਦੇ ਉੱਚ ਸਿੱਖਿਆ ਮੰਤਰੀ ਇੰਦਰ ਸਿੰਘ ਪਰਮਾਰ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨੂੰ �ਿਸਟੋਫਰ ਕੋਲੰਬਸ ਨੇ ਨਹੀਂ, ਸਗੋਂ ਸਾਡੇ ਭਾਰਤੀ ਵੱਡੇ-ਵਡੇਰਿਆਂ ਨੇ ਲੱਭਿਆ ਸੀ। ਉਨ੍ਹਾ ਮੰਗਲਵਾਰ ਇੱਥੇ ਬਰਕਤ ਉਲਾ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿਚ ਸੂਰਜ ਦੀ ਸਥਿਰਤਾ ਦੇ ਸਿਧਾਂਤ ਨੂੰ ਵੀ ਪ੍ਰਾਚੀਨ ਭਾਰਤੀ ਸ਼ਾਸਤਰਾਂ ਨਾਲ ਜੋੜਿਆ ਅਤੇ ਰਿਗਵੇਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਿਧਾਂਤ 8 ਹਜ਼ਾਰ ਸਾਲ ਪਹਿਲਾਂ ਸਾਡੇ ਵੱਡੇ-ਵਡੇਰਿਆਂ ਨੇ ਲੱਭਿਆ ਸੀ।
ਪਰਮਾਰ ਨੇ ਕਿਹਾ ਕਿ ਇਤਿਹਾਸ ਵਿਚ ਇਹ ਗਲਤ ਪੜ੍ਹਾਇਆ ਗਿਆ ਕਿ ਕੋਲੰਬਸ ਨੇ ਅਮਰੀਕਾ ਲੱਭਿਆ ਸੀ। ਅਸਲ ਵਿਚ ਭਾਰਤੀ ਮਲਾਹ ਵਸੁਲੁਨ ਨੇ ਅੱਠਵੀਂ ਸਦੀ ’ਚ ਅਮਰੀਕਾ ਦੀ ਖੋਜ ਕੀਤੀ ਤੇ ਉੱਥੇ ਸੇਨਡਿਆਗੋ ਵਿਚ ਕਈ ਮੰਦਰਾਂ ਦੀ ਉਸਾਰੀ ਕੀਤੀ। ਇਹ ਤੱਥ ਅਜੇ ਵੀ ਉੱਥੋਂ ਦੇ ਅਜਾਇਬਘਰਾਂ ਤੇ ਲਾਇਬ੍ਰੇਰੀਆਂ ਵਿਚ ਸੁਰੱਖਿਅਤ ਹਨ। ਭਾਰਤੀ ਵਿਦਿਆਰਥੀਆਂ ਨੂੰ ਸਹੀ ਇਤਿਹਾਸ ਸਿਖਾਉਣਾ ਚਾਹੀਦਾ ਹੈ ਕਿ ਅਮਰੀਕਾ ਦੀ ਖੋਜ ਸਾਡੇ ਵੱਡੇ-ਵਡੇਰਿਆਂ ਨੇ ਕੀਤੀ ਸੀ।
ਪਰਮਾਰ ਨੇ ਇਹ ਵੀ ਕਿਹਾ ਕਿ ਪੋਲਿਸ਼ ਵਿਗਿਆਨੀ ਨਿਕੋਲਸ ਕੌਪਰਨਿਕਸ ਵੱਲੋਂ ਦਿੱਤੇ ਗਏ ਸੂਰਜ ਦੀ ਸਥਿਰਤਾ ਦੇ ਸਿਧਾਂਤ ਦੀ ਜਾਣਕਾਰੀ ਭਾਰਤ ਵਿਚ ਹਜ਼ਾਰਾਂ ਸਾਲ ਪਹਿਲਾਂ ਹੀ ਸੀ। ਪਰਮਾਰ ਨੇ ਕਿਹਾ ਕਿ ਰਿਗਵੇਦ ਵਿਚ 8 ਹਜ਼ਾਰ ਸਾਲ ਪਹਿਲਾਂ ਇਹ ਲਿਖਿਆ ਗਿਆ ਕਿ ਚੰਨ ਧਰਤੀ ਦੁਆਲੇ ਘੁੰਮਦਾ ਹੈ ਤੇ ਧਰਤੀ ਸੂਰਜ ਦੁਆਲੇ। ਸਾਡੇ ਵੱਡੇ-ਵੱਡੇਰਿਆਂ ਨੇ ਪਹਿਲਾਂ ਹੀ ਸੂਰਜ ਨੂੰ ਸਥਿਰ ਮੰਨਿਆ ਸੀ, ਜੋ ਅੱਜ ਵਿਗਿਆਨ ਵੀ ਮੰਨਦਾ ਹੈ।
ਪਰਮਾਰ ਨੇ ਅੱਗੇ ਕਿਹਾ ਕਿ ਭਾਰਤ ਵਿਚ ਹਜ਼ਾਰਾਂ ਸਾਲ ਪਹਿਲਾਂ ਖੇਡਾਂ ਤੇ ਸਟੇਡੀਅਮਾਂ ਦਾ ਵਿਕਾਸ ਹੋ ਚੁੱਕਿਆ ਸੀ। ਉਲੰਪਿਕ ਦੀ ਸ਼ੁਰੂਆਤ ਲਗਭਗ 2800 ਸਾਲ ਪਹਿਲਾਂ ਹੋਈ, ਪਰ ਸਾਡੇ ਦੇਸ਼ ਦੇ ਗੁਜਰਾਤ ਦੇ ਰਣ ਕੱਛ ’ਚ ਖੁਦਾਈ ਦੌਰਾਨ 5500 ਸਾਲ ਪੁਰਾਣੇ ਦੋ ਵੱਡੇ ਸਟੇਡੀਅਮ ਮਿਲੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਸਾਡੇ ਵੱਡੇ-ਵਡੇਰੇ ਖੇਡਾਂ ਤੇ ਸਟੇਡੀਅਮਾਂ ਬਾਰੇ ਪਹਿਲਾਂ ਤੋਂ ਹੀ ਜਾਣਦੇ ਸਨ।
ਕਨਵੋਕੇਸ਼ਨ, ਜਿਸ ਵਿਚ ਰਾਜਪਾਲ ਮੰਗੂਭਾਈ ਪਟੇਲ ਤੇ ਮੁੱਖ ਮੰਤਰੀ ਮੋਹਨ ਯਾਦਵ ਵੀ ਮੌਜੂਦ ਸਨ, ’ਚ ਪਰਮਾਰ ਨੇ ਕਿਹਾ ਕਿ ਇਤਿਹਾਸਕਾਰਾਂ ਨੇ ਜਾਣ-ਬੁਝ ਕੇ ਭਾਰਤ ਦੀ ਤਾਕਤ ਨੂੰ ਘਟਾ ਕੇ ਪੇਸ਼ ਕੀਤਾ ਹੈ ਅਤੇ ਗਲਤ ਤੱਥ ਪੇਸ਼ ਕਰਕੇ ਭਾਰਤ ਦੀ ਦੁਨੀਆ ਵਿਚ ਨਾਂਹ-ਪੱਖੀ ਛਵੀ ਬਣਾਈ ਹੈ।
ਪਰਮਾਰ ਨੇ ਕਿਹਾ ਕਿ ਵਾਸਕੋ ਡਾ ਗਾਮਾ ਨੇ ਲਿਖਿਆ ਸੀ ਕਿ ਵਪਾਰੀ ਚੰਦਨ ਦਾ ਜਹਾਜ਼ ਉਸ ਦੇ ਜਹਾਜ਼ ਨਾਲੋਂ ਦੋ ਤੋਂ ਚਾਰ ਗੁਣਾ ਤੱਕ ਵੱਡਾ ਸੀ ਅਤੇ ਉਹ ਉਸ ਦੇ ਜਹਾਜ਼ ਦੇ ਮਗਰ-ਮਗਰ ਭਾਰਤ ਪੁੱਜਾ, ਪਰ ਇਤਿਹਾਸਕਾਰਾਂ ਨੇ ਵਿਦਿਆਰਥੀਆਂ ਨੂੰ ਗਲਤ ਪੜ੍ਹਾਇਆ ਕਿ ਵਾਸਕੋ ਡਾ ਗਾਮਾ ਨੇ ਭਾਰਤ ਦੇ ਸਮੁੰਦਰੀ ਰਾਹ ’ਤੇ ਭਾਰਤ ਨੂੰ ਲੱਭਿਆ। ਪਰਮਾਰ ਨੇ ਕਿਹਾ ਕਿ ਉਨ੍ਹਾ ਇਹ ਦਿਲਚਪਸ ਇਤਿਹਾਸਕ ਤੱਥ ਪੜ੍ਹਿਆ ਕਿ ਜਦੋਂ 12ਵੀਂ ਸਦੀ ਵਿਚ ਬੀਜਿੰਗ ਸ਼ਹਿਰ ਵਸਾਇਆ ਗਿਆ ਤਾਂ ਉਸ ਦਾ ਡਿਜ਼ਾਈਨ ਨੇਪਾਲ ਦੇੇ ਆਰਕੀਟੈਕਟ ਨੇ ਬਣਾਇਆ ਸੀ। ਉਦੋਂ ਨੇਪਾਲ ਭਾਰਤ ਵਿਚ ਹੁੰਦਾ ਸੀ। ਆਰਕੀਟੈਕਟ ਦਾ ਨਾਂਅ ਬਲ ਬਾਹੂ ਸੀ। ਉਹ ਬੁੱਧ ਤੇ ਰਾਮ ਦੇ ਬੁੱਤ ਬਣਾਉਣ ਲਈ ਜਾਣਿਆ ਜਾਂਦਾ ਸੀ। ਅੱਜ ਵੀ ਬੀਜਿੰਗ ਵਿਚ ਬਲ ਬਾਹੂ ਦਾ ਬੁੱਤ ਹੈ, ਜਿਹੜਾ ਚੀਨ ਸਰਕਾਰ ਵੱਲੋਂ ਉਸ ਨੂੰ ਦਿੱਤੀ ਗਈ ਮਾਨਤਾ ਨੂੰ ਦਰਸਾਉਦਾ ਹੈ।



