ਨਿਊ ਯਾਰਕ ਸਿਟੀ : ਇਥੇ ਭਾਰਤੀ ਵਣਜ ਦੂਤਘਰ ਨੇ ਪਤੀ ਦੇ ਤਸ਼ੱਦਦ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਵਾਲੀ ਮਨਦੀਪ ਕੌਰ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਪੀੜਤ ਪਰਵਾਰ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਦੇਵੇਗਾ | ਮਨਦੀਪ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਆਪਣੇ ‘ਤੇ ਹੁੰਦੇ ਜ਼ੁਲਮ ਦੀ ਵਿਥਿਆ ਸੁਣਾਈ ਤੇ ਦਿਖਾਈ ਸੀ | ਉਸ ਨੇ ਆਨਲਾਈਨ ਵੀਡੀਓ ਪੋਸਟ ਕੀਤੀ ਸੀ, ਜਿਸ ਵਿਚ ਉਸ ਨੇ ਆਪਣੇ ਪਤੀ ਰਣਜੋਤਵੀਰ ਸਿੰਘ ਸੰਧੂ ਵੱਲੋਂ ਸਾਲਾਂ ਤੋਂ ਕੀਤੀ ਜਾ ਰਹੀ ਕੁੱਟਮਾਰ ਦਾ ਪਰਦਾ ਫਾਸ਼ ਕੀਤਾ |
ਟਵੀਟ ਵਿਚ ਵਣਜ ਦੂਤਘਰ ਨੇ ਲਿਖਿਆ—ਅਸੀਂ ਨਿਊ ਯਾਰਕ ਵਿਚ ਮਨਦੀਪ ਕੌਰ ਦੀ ਮੌਤ ਤੋਂ ਬਹੁਤ ਦੁਖੀ ਹਾਂ | ਅਸੀਂ ਫੈਡਰਲ ਤੇ ਲੋਕਲ ਪੱਧਰ ਉੱਤੇ ਭਾਈਚਾਰੇ ਦੇ ਨਾਲ-ਨਾਲ ਅਮਰੀਕੀ ਅਧਿਕਾਰੀਆਂ ਦੇ ਸੰਪਰਕ ‘ਚ ਹਾਂ | ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ | ਬਿਜਨੌਰ (ਯੂ ਪੀ) ਪੁਲਸ ਨੇ ਮਨਦੀਪ ਦੇ ਪਤੀ ਅਤੇ ਸੱਸ-ਸਹੁਰੇ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਅਤੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ ਹੈ | ਅਮਰੀਕੀ ਅਧਿਕਾਰੀਆਂ ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ |





