ਮੁੰਬਈ : ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸਿੰਦੇ ਨੇ ਐਤਵਾਰ ਕਿਹਾ ਕਿ ਸੂਬਾਈ ਅਸੰਬਲੀ ਚੋਣਾਂ ਨਵੰਬਰ ਦੇ ਦੂਜੇ ਹਫਤੇ ਹੋਣ ਦੀ ਆਸ ਹੈ। ਉਨ੍ਹਾ ਆਪਣੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਦੌਰਾਨ ਕਿਹਾ ਕਿ ਚੋਣਾਂ ਨਵੰਬਰ ਦੇ ਦੂਜੇ ਹਫਤੇ ਹੋਣ ਦੀ ਸੰਭਾਵਨਾ ਹੈ। ਇਹ ਦੋ ਪੜਾਵਾਂ ’ਚ ਹੋ ਸਕਦੀਆਂ ਹਨ। ਉਨ੍ਹਾ ਕਿਹਾ ਕਿ ਸ਼ਿਵ ਸੈਨਾ, ਭਾਜਪਾ ਤੇ ਐੱਨ ਸੀ ਪੀ ਵਿਚਾਲੇ ਸੀਟਾਂ ਦੀ ਵੰਡ 8-10 ਦਿਨਾਂ ਵਿਚ ਕਰ ਲਈ ਜਾਵੇਗੀ।
ਮੋਦੀ ਵੱਲੋਂ ਚੋਣਾਂ ਦੇ ਮੌਕੇ ਝਾਰਖੰਡ ’ਚ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ
ਰਾਂਚੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ 600 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦੀ ਵਰਚੁਅਲੀ ਸ਼ੁਰੂਆਤ ਕੀਤੀ। ਮੋਦੀ ਨੇ ਦੇਵਘਰ ਜ਼ਿਲ੍ਹੇ ’ਚ ਮਧੂਪੁਰ ਬਾਈਪਾਸ ਲਾਈਨ ਅਤੇ ਹਜ਼ਾਰੀ ਬਾਗ ਟਾਊਨ ਕੋਚਿੰਗ ਡਿਪੂ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾ ਝਾਰਖੰਡ, ਓਡੀਸ਼ਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਲਈ ਛੇ ਵੰਦੇ ਭਾਰਤ ਰੇਲਾਂ ਨੂੰ ਹਰੀ ਝੰਡੀ ਵੀ ਦਿਖਾਈ। ਝਾਰਖੰਡ ਅਸੰਬਲੀ ਚੋਣਾਂ ਦੋ ਕੁ ਮਹੀਨਿਆਂ ਵਿਚ ਹੋਣ ਵਾਲੀਆਂ ਹਨ।
ਟਰੱਕ ਦੀ ਟੱਕਰ ਨਾਲ ਵੈਨ ਸਵਾਰ 6 ਜਣਿਆਂ ਦੀ ਮੌਤ
ਕੋਟਾ : ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ’ਚ ਐਤਵਾਰ ਤੜਕੇ ਟਰੱਕ ਨੇ ਵੈਨ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ 6 ਤੀਰਥ ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਜ਼ਖਮੀ ਹੋ ਗਏ। ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਦੇ 9 ਤੀਰਥ ਯਾਤਰੀ ਸੀਕਰ ਸਥਿਤ ਖਾਟੂ ਸ਼ਿਆਮ ਮੰਦਰ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ ਤਾਂ ਬੂੰਦੀ ’ਚ ਕਰੀਬ 5 ਵਜੇ ਇਹ ਹਾਦਸਾ ਵਾਪਰ ਗਿਆ। ਮਿ੍ਰਤਕਾਂ ਦੀ ਉਮਰ 16 ਤੋਂ 40 ਸਾਲ ਵਿਚਾਲੇ ਸੀ। ਪੁਲਸ ਨੇ ਦੱਸਿਆ ਕਿ ਟਰੱਕ ਗਲਤ ਦਿਸ਼ਾ ਤੋਂ ਆ ਰਿਹਾ ਸੀ। ਟਰੱਕ ਚਾਲਕ ਭੱਜ ਗਿਆ।
ਮਿ੍ਰਤਕਾਂ ਦੀ ਗਿਣਤੀ 10
ਮੇਰਠ : ਯੂ ਪੀ ਦੇ ਮੇਰਠ ਦੀ ਜ਼ਾਕਿਰ ਕਾਲੋਨੀ ’ਚ ਸ਼ਨੀਵਾਰ ਤਿੰਨ ਮੰਜ਼ਲਾ ਮਕਾਨ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 10 ਹੋ ਗਈ ਹੈ।




