ਅਯੁੱਧਿਆ : ਸਥਾਨਕ ਮੇਅਰ, ਸਥਾਨਕ ਵਿਧਾਇਕ ਤੇ ਇਕ ਸਾਬਕਾ ਵਿਧਾਇਕ ਉਨ੍ਹਾਂ 40 ਲੋਕਾਂ ਵਿਚ ਸ਼ਾਮਲ ਹਨ ਜਿਨ੍ਹਾਂ ‘ਤੇ ਅਯੁੱਧਿਆ ਡਿਵੈੱਲਪਮੈਂਟ ਅਥਾਰਟੀ ਨੇ ਗੈਰਕਾਨੂੰਨੀ ਤੌਰ ‘ਤੇ ਪਲਾਟ ਵੇਚਣ ਅਤੇ ਉਥੇ ਇਮਾਰਤਾਂ ਉਸਾਰਨ ਦਾ ਦੋਸ਼ ਲਾਇਆ ਹੈ | ਤਾਂ ਵੀ, ਮੇਅਰ ਰਿਸ਼ੀਕੇਸ਼ ਉਪਾਧਿਆ ਤੇ ਵਿਧਾਇਕ ਵੇਦ ਪ੍ਰਕਾਸ਼ ਗੁਪਤਾ ਨੇ ਖੁਦ ਨੂੰ ਬੇਗੁਨਾਹ ਦੱਸਦਿਆਂ ਅਧਿਕਾਰੀਆਂ ਵਿਚ ਉਹਨਾਂ ਦੇ ਨਾਂਅ ਸ਼ਾਮਲ ਕਰਨ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ | (ਯੂ ਪੀ ‘ਚ ਯੋਗੀ ਆਦਿੱਤਿਆ ਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹੈ |)
ਅਥਾਰਟੀ ਦੇ ਵਾਈਸ ਚੇਅਰਮੈਨ ਵਿਸ਼ਾਲ ਸਿੰਘ ਨੇ ਦੱਸਿਆ ਕਿ ਅਥਾਰਟੀ ਦੇ ਇਲਾਕੇ ਵਿਚ ਗੈਰਕਾਨੂੰਨੀ ਪਲਾਟ ਵੇਚਣ ਤੇ ਉਸਾਰੀਆਂ ਕਰਾਉਣ ਵਾਲਿਆਂ ਦੀ ਲਿਸਟ ਸ਼ਨੀਵਾਰ ਰਾਤ ਜਾਰੀ ਕੀਤੀ ਗਈ | ਇਨ੍ਹਾਂ ਸਾਰੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ | ਲਿਸਟ ਵਿਚ ਮਿਲਕੀਪੁਰ ਦੇ ਸਾਬਕਾ ਭਾਜਪਾ ਵਿਧਾਇਕ ਗੋਰਖਨਾਥ ਬਾਬਾ ਦਾ ਵੀ ਨਾਂਅ ਹੈ | ਸਾਲ ਦੇ ਸ਼ੁਰੂ ਵਿਚ ਅਸੰਬਲੀ ਚੋਣਾਂ ਤੋਂ ਪਹਿਲਾਂ ਆਪੋਜ਼ੀਸ਼ਨ ਪਾਰਟੀਆਂ ਨੇ ਅਯੁੱਧਿਆ ‘ਚ ਜ਼ਮੀਨ ਦੀ ਗੈਰਕਾਨੂੰਨੀ ਖਰੀਦ-ਵੇਚ ਦਾ ਦੋਸ਼ ਲਾਇਆ ਸੀ | ਸਥਾਨਕ ਐੱਮ ਪੀ ਲੱਲੂ ਸਿੰਘ ਨੇ ਮੁੱਖ ਮੰਤਰੀ ਯੋਗੀ ਤੋਂ ਮਾਮਲੇ ਦੀ ਸਪੈਸ਼ਲ ਟੀਮ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਸੀ | ਲਿਸਟ ਜਾਰੀ ਹੋਣ ਤੋਂ ਬਾਅਦ ਸਮਾਜਵਾਦੀ ਪਾਰਟੀ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ | ਪਾਰਟੀ ਨੇ ਕਿਹਾ ਕਿ ਭਾਜਪਾ ਆਗੂਆਂ ਨੇ ਲੈਂਡ ਮਾਫੀਆ ਨਾਲ ਮਿਲ ਕੇ 30 ਗੈਰਕਾਨੂੰਨੀ ਕਾਲੋਨੀਆਂ ਬਣਾ ਕੇ ਮਾਲ ਮਹਿਕਮੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ |