ਵਾਰਾਨਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ, ਜਿਸ ਨੂੰ ਉਹ ਸਮਾਰਟ ਸਿਟੀ ਵਿਚ ਬਦਲਣ ਦਾ ਦਾਅਵਾ ਕਰਦੇ ਹਨ, ਦੇ ਕਈ ਮੰਦਰਾਂ ਨੂੰ ਗੰਗਾ ਵਿਚ ਬੀਤੇ ਦਿਨ ਆਏ ਹੜ੍ਹ ਨੇ ਡੁਬੋ ਦਿੱਤਾ। ਨਤੀਜੇ ਵਜੋਂ ਮੰਦਰਾਂ ਨੂੰ ਸ਼ਰਧਾਲੂਆਂ ਲਈ ਦਰਵਾਜ਼ੇ ਬੰਦ ਕਰਨੇ ਪੈ ਗਏ ਪ੍ਰਸਿੱਧ ਘਾਟਾਂ ਦੇ ਨਾਲ ਰਹਿੰਦੇ ਲੋਕਾਂ ਨੂੰ ਟਿਕਾਣੇ ਬਦਲਣੇ ਪੈ ਗਏ।
ਹਾਲਾਤ ਏਦਾਂ ਦੇ ਬਣ ਗਏ ਕਿ ਮਣੀਕਰਣਿਕਾ ਤੇ ਹਰੀਸ਼ਚੰਦਰ ਘਾਟਾਂ ’ਤੇ ਲਿਆਂਦੀਆਂ ਲਾਸ਼ਾਂ ਦਾ ਅੰਤਮ ਸੰਸਕਾਰ ਪਲੇਟਫਾਰਮਾਂ, ਜਿਹੜੇ ਮੋਦੀ ਦੇ ਵਾਰਾਨਸੀ ਦੇ ਸੁੰਦਰੀਕਰਨ ਪ੍ਰੋਜੈਕਟ ਦਾ ਹਿੱਸਾ ਹਨ, ਦੀਆਂ ਪੌੜੀਆਂ ’ਤੇ ਹੀ ਕਰਨਾ ਪਿਆ। ਇਹ ਸਭ ਇਸ ਦੇ ਬਾਵਜੂਦ ਹੋਇਆ ਕਿ ਮੰਗਲਵਾਰ ਗੰਗਾ ਵਿਚ ਪਾਣੀ ਦਾ ਵਹਾਅ ਖਤਰੇ ਦੇ ਨਿਸ਼ਾਨ ਤੋਂ 48 ਸੈਂਟੀਮੀਟਰ ਹੇਠਾਂ (70.78 ਮੀਟਰ) ਸੀ। ਹੜ੍ਹ ਦੇ ਪਾਣੀ ਵਿਚ ਮਣਿਕਰਣਿਕਾ ਘਾਟ, ਹਰੀਸ਼ਚੰਦਰ ਘਾਟ ਤੇ ਹੋਰ ਘਾਟ ਤਾਂ ਡੁੱਬੇ ਹੀ, ਰਾਮ ਨਗਰ ਕਿਲਾ, ਸੁਜਾਬਾਦ ਤੇ ਡੋਮਰੀ ਇਲਾਕਿਆਂ ਵਿਚ ਵੀ ਪਾਣੀ ਵੜ ਗਿਆ। ਵੇਦ ਵਿਆਸ ਮੰਦਰ ਸਣੇ ਕਈ ਹੋਰ ਮੰਦਰ ਬੰਦ ਕਰਨੇ ਪਏ ਅਤੇ ਉਨ੍ਹਾਂ ਵੱਲ ਜਾਂਦੇ ਰਾਹਾਂ ’ਤੇ ਬੈਰੀਅਰ ਲਾਉਣੇ ਪਏ।
ਸਥਾਨਕ ਮਿਊਂਸਪਲ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਤਾਂ ਪਹਿਲਾਂ ਵੀ ਡੁੱਬਦੇ ਰਹੇ ਹਨ, ਪਰ ਵਾਰਾਨਸੀ ਨੂੰ ਸੰੁਦਰ ਬਣਾਉਣ ਲਈ ਕੀਤੀਆਂ ਜਾ ਰਹੀਆਂ ਉਸਾਰੀਆਂ ਦਾ ਮਲਬਾ ਗੰਗਾ ਕੰਢੇ ਹੀ ਸੁੱਟੀ ਜਾਣ ਕਾਰਨ ਸਥਿਤੀ ਖਰਾਬ ਹੋ ਰਹੀ ਹੈ। ਪਹਿਲਾਂ ਖਿੜਕੀਆ ਘਾਟ ਵਜੋਂ ਜਾਣੇ ਜਾਂਦੇ ਘਾਟ ਨੂੰ ਹੁਣ ਨਮੋਘਾਟ ਦਾ ਨਾਂਅ ਦੇ ਕੇ ਪੱਕਾ ਕਰ ਦਿੱਤਾ ਗਿਆ ਹੈ। ਨਮੋ ਭਗਵਾਨ ਸ਼ਿਵ ਨੂੰ ਕਹਿੰਦੇ ਹਨ ਪਰ ਆਮ ਧਾਰਨਾ ਹੈ ਕਿ ਇਹ ਪ੍ਰਧਾਨ ਮੰਤਰੀ ਦੇ ਨਾਂਅ ਦੇ ਸ਼ੁਰੂਆਤੀ ਅੱਖਰਾਂ (ਨਰਿੰਦਰ ਮੋਦੀ) ਨਾਲ ਬਣਿਆ ਹੈ। ਦਰਿਆ ਵਿਗਿਆਨੀ ਸੌਰਭ ਸਿੰਘ ਦਾ ਕਹਿਣਾ ਹੈ ਕਿ ਪੁਰਾਣੀਆਂ ਸੀਵਰ ਲਾਈਨਾਂ ਨੂੰ ਬਚਾਉਣ ਤੋਂ ਬਿਨਾਂ ਉਸਾਰੀ ਕਰਨ ਕਰਕੇ ਹੜ੍ਹ ਵਰਗੀ ਸਥਿਤੀ ਬਣ ਰਹੀ ਹੈ। ਸਰਕਾਰੀ ਤੇ ਪ੍ਰਾਈਵੇਟ ਏਜੰਸੀਆਂ ਨੇ ਪੱਕੀ ਉਸਾਰੀ ਕਰਦਿਆਂ ਪਿਛਲੇ ਤਿੰਨ ਸਾਲਾਂ ’ਚ ਸੈਂਕੜੇ ਟਨ ਮਲਬਾ ਗੰਗਾ ਵਿਚ ਸੁੱਟ ਦਿੱਤਾ ਹੈ। ਨਤੀਜੇ ਵਜੋਂ ਗੰਗਾ ਛੇਤੀ ਚੜ੍ਹ ਜਾਂਦੀ ਹੈ। ਗੰਗਾ ਕੰਢੇ ਕਬਜ਼ੇ ਏਨੇ ਹੋ ਚੁੱਕੇ ਹਨ ਕਿ ਹੈਰਾਨੀ ਨਹੀਂ ਹੋਵੇਗੀ ਕਿ ਕੁਝ ਦਹਾਕਿਆਂ ਤੱਕ ਮਾਮੂਲੀ ਮੀਂਹ ਨਾਲ ਹੀ ਸਾਰਾ ਵਾਰਾਨਸੀ ਸ਼ਹਿਰ ਡੁੱਬ ਜਾਇਆ ਕਰੇਗਾ।