ਸ੍ਰੀਨਗਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਕਿਹਾ ਕਿ ਜੰਮੂ-ਕਸ਼ਮੀਰ ਦੇ ਨੌਜਵਾਨਾਂ ਦਾ ਲੋਕਤੰਤਰ ਵਿਚ ਭਰੋਸਾ ਬਹਾਲ ਹੋਇਆ ਹੈ ਅਤੇ ਉਹ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੀ ਵੋਟ ਤਬਦੀਲੀ ਲਿਆ ਸਕਦੀ ਹੈ। ਇਹ ਉਨ੍ਹਾਂ ਦੇ ਸ਼ਕਤੀਕਰਨ ਦੀ ਦਿਸ਼ਾ ਵਿਚ ਪਹਿਲਾ ਕਦਮ ਹੈ। ਇੱਥੇ ਸ਼ੇਰ-ਏ-ਕਸ਼ਮੀਰ ਸਟੇਡੀਅਮ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਜਪਾ ਵੱਲੋਂ ਜੰਮੂ-ਕਸ਼ਮੀਰ ਦਾ ਰਾਜ ਦਾ ਰੁਤਬਾ ਬਹਾਲ ਕਰਨ ਦਾ ਵਾਅਦਾ ਪੂਰਾ ਕੀਤਾ ਜਾਵੇਗਾ। ਉਨ੍ਹਾ ਕਿਹਾਜੰਮੂ ਅਤੇ ਕਸ਼ਮੀਰ ਦਾ ਨੌਜਵਾਨ ਹੁਣ ਲਾਚਾਰ ਨਹੀਂ ਰਿਹਾ। ਹੁਣ ਉਹ ਮੋਦੀ ਸਰਕਾਰ ਦੇ ਤਹਿਤ ਤਾਕਤਵਰ ਹੋ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਜੰਮੂ-ਕਸ਼ਮੀਰ ਭਾਜਪਾ ਨੇ ਨੌਜਵਾਨਾਂ ਦੇ ਸ਼ਕਤੀਕਰਨ ਲਈ ਵੱਡੇ-ਵੱਡੇ ਐਲਾਨ ਕੀਤੇ ਹਨ, ਭਾਵੇਂ ਇਹ ਹੁਨਰ ਵਿਕਾਸ ਹੋਵੇ ਜਾਂ ਬਿਨਾਂ ਕਿਸੇ ਹੇਰਾਫੇਰੀ ਤੋਂ ਨੌਕਰੀਆਂ ਮੁਹੱਈਆ ਕਰਾਉਣਾ ਹੋਵੇ, ਭਾਜਪਾ ਸਭ ਕੁਝ ਕਰੇਗੀ। ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀ ਡੀ ਪੀ ਉਤੇ ਹਮਲਾ ਬੋਲਦਿਆਂ ਉਨ੍ਹਾ ਕਿਹਾ ਕਿ ਇਨ੍ਹਾਂ ਤਿੰਨਾਂ ਪਾਰਟੀਆਂ ਅਤੇ ਪਰਵਾਰਾਂ ਨੇ ਆਪਣੇ ਹਿੱਤਾਂ ਲਈ ਜਮਹੂਰੀਅਤ ਅਤੇ ਕਸ਼ਮੀਰੀਅਤ ਨੂੰ ਦਰੜਿਆ ਹੈ।