ਰੋਹਤਕ : ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਸੰਕਲਪ ਪੱਤਰ ਜਾਰੀ ਕਰਦਿਆਂ ਔਰਤਾਂ ਨੂੰ ‘ਲਾਡੋ ਲਕਸ਼ਮੀ ਯੋਜਨਾ’ ਤਹਿਤ ਹਰ ਮਹੀਨੇ 2100 ਰੁਪਏ ਨਕਦ ਉਤਸ਼ਾਹ ਰਾਸ਼ੀ ਦੇਣ, ਸਾਰੀਆਂ 24 ਫਸਲਾਂ ਲਈ ਐੱਮ ਐੱਸ ਪੀ ਨੂੰ ਜਾਰੀ ਰੱਖਣ ਅਤੇ ਅਗਨੀਵੀਰਾਂ ਨੂੰ ਰੁਜ਼ਗਾਰ ਗਰੰਟੀ ਦੇਣ ਦੇ ਨਾਲ ਹੀ ਨੌਜਵਾਨਾਂ ਲਈ ਦੋ ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ। ਰਸੋਈ ਗੈਸ ਸਿਲੰਡਰ 500 ਰੁਪਏ ਵਿਚ ਦੇਣ ਤੇ ਪੇਂਡੂ ਖੇਤਰਾਂ ਦੀਆਂ ਵਿਦਿਆਰਥਣਾਂ ਨੂੰ ਸਕੂਟਰ ਦੇਣ ਦੀ ਗੱਲ ਵੀ ਕਹੀ ਗਈ ਹੈ। ‘ਹਰਿਆਣਾ ਨੌਨ-ਸਟੌਪ’ ਦੇ ਨਾਅਰੇ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨੇ 5 ਅਕਤੂਬਰ ਨੂੰ ਹੋਣ ਵਾਲੀਆਂ ਅਸੰਬਲੀ ਚੋਣਾਂ ਲਈ ਪਾਰਟੀ ਦਾ 20-ਨੁਕਾਤੀ ‘ਸੰਕਲਪ ਪੱਤਰ’ ਜਾਰੀ ਕੀਤਾ। ਇਕ ਦਿਨ ਪਹਿਲਾਂ ਹੀ ਕਾਂਗਰਸ ਨੇ ਔਰਤਾਂ ਨੂੰ ਮਾਸਕ 2000 ਰੁਪਏ ਅਤੇ ਸਾਰਿਆਂ ਨੂੰ ਘਰ ਦੇਣ ਦੀ ਗੱਲ ਕਹੀ ਸੀ।
ਭਾਜਪਾ ਨੂੰ ਝਟਕਾ, ਧਮੀਜਾ ਕਾਂਗਰਸ ’ਚ
ਕਰਨਾਲ : ਭਾਜਪਾ ਨੂੰ ਵੱਡਾ ਝਟਕਾ ਦਿੰਦਿਆਂ ਸੀਨੀਅਰ ਆਗੂ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਉਨ੍ਹਾ ਸੂਬੇ ਦੇ ਕਈ ਪ੍ਰਮੁੱਖ ਨੇਤਾਵਾਂ ਦੇ ਨਾਲ ਰੋਹਤਕ ’ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਮੌਜੂਦਗੀ ’ਚ ਕਾਂਗਰਸ ਵਿਚ ਸ਼ਮੂਲੀਅਤ ਕੀਤੀ। ਲੋਹਗੜ੍ਹ ਟਰੱਸਟ ਦੇ ਚੇਅਰਮੈਨ ਧਮੀਜਾ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਡਰੀਮ ਪ੍ਰੋਜੈਕਟ ਲੋਹਗੜ੍ਹ ਖਾਲਸਾ ਰਾਜਧਾਨੀ ਦੇ ਨਜ਼ਰਅੰਦਾਜ਼ ਹੋਣ ਕਾਰਨ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਧਮੀਜਾ ਨੇ ਹੁੱਡਾ ਨਾਲ ਆਪਣੇ ਲੰਬੇ ਸਮੇਂ ਦੇ ਸੰਬੰਧਾਂ ਬਾਰੇ ਵੀ ਚਰਚਾ ਕੀਤੀ। ਧਮੀਜਾ ਨੂੰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦਾ ਡਿਪਟੀ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾ ਹੁੱਡਾ ਵੱਲੋਂ ਕੁਰੂਕਸ਼ੇਤਰ ਯੂਨੀਵਰਸਿਟੀ ’ਚ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਅ ’ਤੇ ਚੇਅਰ ਸਥਾਪਤ ਕਰਨ ਦੀ ਸ਼ਲਾਘਾ ਕੀਤੀ ਸੀ।