ਗੁਰੂਗ੍ਰਾਮ : ਇੱਥੋਂ ਦੇ ਸਾਬਕਾ ਪੁਲਸ ਕਮਿਸ਼ਨਰ ਕਿ੍ਰਸ਼ਨ ਕੁਮਾਰ ਰਾਓ ਨੇ ਅਦਾਲਤ ’ਚ ਆਪਣੇ ਵਿਰੁੱਧ ਕੀਤੀ ਗਈ ਟਿੱਪਣੀ ਲਈ ਇੱਕ ਜੱਜ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ ਅਤੇ 1 ਕਰੋੜ ਰੁਪਏ ਹਰਜਾਨੇ ਦੀ ਮੰਗ ਕੀਤੀ ਹੈ। ਇਹ ਮੁਕੱਦਮਾ ਸੋਮਵਾਰ ਨੂੰ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਵਿਕਰਮਜੀਤ ਸਿੰਘ ਦੀ ਅਦਾਲਤ ’ਚ ਦਾਇਰ ਕੀਤਾ ਗਿਆ ਸੀ ਅਤੇ ਉਸੇ ਦਿਨ ਸੁਣਵਾਈ ਹੋਈ।
ਅਦਾਲਤ ਨੇ 21 ਨਵੰਬਰ ਨੂੰ ਇਸ ਮਾਮਲੇ ਦੀ ਮੁੜ ਸੁਣਵਾਈ ਦੀ ਤਰੀਕ ਤੈਅ ਕੀਤੀ ਹੈ। ਸੀਨੀਅਰ ਆਈ ਪੀ ਐਸ ਅਧਿਕਾਰੀ ਮੁਤਾਬਕ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤ ਸਹਿਰਾਵਤ ਨੇ ਫਰਵਰੀ 2022 ’ਚ ਦਿੱਤੇ ਆਦੇਸ਼ ’ਚ ਕਰੋੜਾਂ ਰੁਪਏ ਦੀ ਲੁੱਟ ਦੇ ਮਾਮਲੇ ’ਚ ਗੁਰੂਗ੍ਰਾਮ ਪੁਲਸ ਦੇ ਸਾਬਕਾ ਡਿਪਟੀ ਕਮਿਸ਼ਨਰ ਧੀਰਜ ਸੇਤੀਆ ਦੀ ਜ਼ਮਾਨਤ ਅਰਜ਼ੀ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਸੀ ਕਿ ਕਹਾਣੀ ’ਚ ਹੋਰ ਵੀ ਬਹੁਤ ਕੁਝ ਸੀ।
ਮਾਣਹਾਨੀ ਦੇ ਮੁਕੱਦਮੇ ’ਚ ਸੀਨੀਅਰ ਅਧਿਕਾਰੀ ਨੇ ਦਲੀਲ ਦਿੱਤੀ ਕਿ ਜੱਜ ਦੀਆਂ ਟਿੱਪਣੀਆਂ ਅਨੁਮਾਨਾਂ ’ਤੇ ਅਧਾਰਤ ਸਨ ਅਤੇ ਇਸ ਦਾ ਕੋਈ ਨਿਆਂਇਕ ਆਧਾਰ ਨਹੀਂ ਸੀ। ਉਨ੍ਹਾ ਕਿਹਾ ਕਿ ਘਟਨਾਵਾਂ ਬਾਰੇ ਉਸ ਦੀ ਅਣਗਹਿਲੀ ਸੰਬੰਧੀ ਟਿੱਪਣੀਆਂ ਨਿੱਜੀ ਸੁਭਾਅ ਦੀਆਂ ਸਨ ਅਤੇ ਜ਼ਮਾਨਤ ਦੀ ਅਰਜ਼ੀ ਦੇ ਫੈਸਲੇ ਨਾਲ ਸੰਬੰਧਤ ਨਹੀਂ ਸਨ। ਪਟੀਸ਼ਨ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਟਿੱਪਣੀਆਂ ਨੂੰ ਜੱਜ ਸੁਰੱਖਿਆ ਐਕਟ ਦੇ ਤਹਿਤ ਛੋਟ ਹਾਸਲ ਨਹੀਂ ਹੈ ਕਿਉਂਕਿ ਉਹ ਜੱਜ ਦੇ ਅਧਿਕਾਰਤ ਫਰਜ਼ਾਂ ਨਾਲ ਸੰਬੰਧਤ ਨਹੀਂ ਸਨ।