17.5 C
Jalandhar
Monday, December 23, 2024
spot_img

ਭਾਰਤੀ ਗੋਲੇ ਯੂਕਰੇਨ ਕੋਲ ਪੁੱਜਣ ਤੋਂ ਰੂਸ ਨਾਰਾਜ਼

ਨਵੀਂ ਦਿੱਲੀ : ਭਾਰਤੀ ਹਥਿਆਰ ਨਿਰਮਾਤਾਵਾਂ ਵੱਲੋਂ ਵੇਚੇ ਗਏ ਤੋਪਾਂ ਦੇ ਗੋਲਿਆਂ ਨੂੰ ਉਨ੍ਹਾਂ ਦੇ ਯੂਰਪੀ ਗਾਹਕਾਂ ਨੇ ਰੂਸ ਖਿਲਾਫ ਜੰਗ ਵਿਚ ਵਰਤਣ ਵਾਸਤੇ ਯੂਕਰੇਨ ਨੂੰ ਭੇਜ ਦਿੱਤਾ ਅਤੇ ਰੂਸ ਵੱਲੋਂ ਇਸ ਦੇ ਕੀਤੇ ਜਾ ਰਹੇ ਵਿਰੋਧ ਦੇ ਬਾਵਜੂਦ ਭਾਰਤ ਨੇ ਇਸ ਕਾਰਵਾਈ ਨੂੰ ਰੋਕਣ ਲਈ ਕੋਈ ਦਖਲ ਨਹੀਂ ਦਿੱਤਾ। ਵਿਦੇਸ਼ੀ ਖਬਰ ਏਜੰਸੀ ‘ਰਾਇਟਰਜ਼’ ਨੇ ਆਪਣੀ ਖਾਸ ਰਿਪੋਰਟ ਵਿਚ ਦਾਅਵਾ ਕੀਤਾ ਕਿ ਇਹ ਖੁਲਾਸਾ ਭਾਰਤੀ ਤੇ ਯੂਰਪੀ ਅਧਿਕਾਰੀਆਂ ਤੇ ਰੱਖਿਆ ਸਨਅਤ ਨਾਲ ਜੁੜੇ ਸੂਤਰਾਂ ਵੱਲੋਂ ਕੀਤਾ ਗਿਆ ਹੈ ਅਤੇ ਏਜੰਸੀ ਦੇ ਆਪਣੇ ਵਿਸ਼ਲੇਸ਼ਣ ਵਿਚ ਵੀ ਇਹ ਗੱਲ ਉੱਭਰ ਕੇ ਆਈ ਹੈ। ਸੂਤਰਾਂ ਤੇ ਗਾਹਕਾਂ ਦੇ ਵੇਰਵਿਆਂ ਤੋਂ ਪਤਾ ਲੱਗਾ ਹੈ ਕਿ ਯੂਕਰੇਨ ਨੂੰ ਰੂਸ ਖਿਲਾਫ ਜੰਗ ਵਿਚ ਯੂਰਪੀ ਮੁਲਕਾਂ ਵੱਲੋਂ ਦਿੱਤੀ ਜਾ ਰਹੀ ਮਦਦ ਦੇ ਹਿੱਸੇ ਵਜੋਂ ਯੂਕਰੇਨ ਨੂੰ ਭਾਰਤੀ ਅਸਲੇ ਦੀ ਇਹ ਸਪਲਾਈ ਬੀਤੇ ਕਰੀਬ ਇਕ ਸਾਲ ਤੋਂ ਜਾਰੀ ਹੈ। ਗੌਰਤਲਬ ਹੈ ਕਿ ਭਾਰਤ ਦੇ ਹਥਿਆਰਾਂ ਦੀ ਬਰਾਮਦ ਸੰਬੰਧੀ ਨਿਯਮ ਸਾਫ ਤੌਰ ’ਤੇ ਵੇਚੇ ਗਏ ਹਥਿਆਰਾਂ ਨੂੰ ਇਨ੍ਹਾਂ ਦੇ ਐਲਾਨੀਆ ਗਾਹਕਾਂ ਤੋਂ ਇਲਾਵਾ ਕਿਸੇ ਹੋਰ ਵੱਲੋਂ ਵਰਤੇ ਜਾਣ ਦੀ ਮਨਾਹੀ ਕਰਦੇ ਹਨ ਅਤੇ ਗਾਹਕਾਂ ਵੱਲੋਂ ਅਜਿਹਾ ਕੀਤੇ ਜਾਣ ’ਤੇ ਉਨ੍ਹਾਂ ਨੂੰ ਭਵਿੱਖ ਵਿਚ ਹਥਿਆਰ ਦੇਣ ਤੋਂ ਨਾਂਹ ਕੀਤੀ ਜਾ ਸਕਦੀ ਹੈ।
ਤਿੰਨ ਭਾਰਤੀ ਅਧਿਕਾਰੀਆਂ ਮੁਤਾਬਕ ਮਾਸਕੋ ਨੇ ਘੱਟੋ-ਘੱਟ ਦੋ ਵਾਰ ਇਹ ਮਾਮਲਾ ਭਾਰਤ ਕੋਲ ਉਠਾਇਆ ਹੈ, ਜਿਨ੍ਹਾਂ ਵਿਚ ਬੀਤੇ ਜੁਲਾਈ ’ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਹੋਈ ਮੀਟਿੰਗ ਵੀ ਸ਼ਾਮਲ ਹੈ। ਇਸ ਸੰਬੰਧੀ ਟਿੱਪਣੀ ਲਈ ਖਬਰ ਏਜੰਸੀ ਵੱਲੋਂ ਸੰਪਰਕ ਕੀਤੇ ਜਾਣ ’ਤੇ ਭਾਰਤੀ ਅਤੇ ਰੂਸੀ ਰੱਖਿਆ ਮੰਤਰਾਲਿਆਂ ਨੇ ਕੋਈ ਜਵਾਬ ਨਹੀਂ ਦਿੱਤਾ। ਬੀਤੇ ਜਨਵਰੀ ਮਹੀਨੇ ਵਿਚ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਭਾਰਤ ਨੇ ਯੂਕਰੇਨ ਨੂੰ ਨਾ ਤਾਂ ਤੋਪਾਂ ਦੇ ਗੋਲੇ ਵੇਚੇ ਹਨ ਅਤੇ ਨਾ ਹੀ ਭੇਜੇ ਹਨ। ਭਾਰਤ ਸਰਕਾਰ ਤੇ ਰੱਖਿਆ ਸਨਅਤ ਨਾਲ ਸੰਬੰਧਤ ਦੋ-ਦੋ ਸੂਤਰਾਂ ਨੇ ਦੱਸਿਆ ਕਿ ਯੂਕਰੇਨ ਵਿਚ ਵਰਤੇ ਜਾ ਰਹੇ ਅਸਲੇ ਦਾ ਬਹੁਤ ਛੋਟਾ ਜਿਹਾ ਹਿੱਸਾ ਹੀ ਭਾਰਤ ਵੱਲੋਂ ਬਣਾਇਆ ਜਾਂਦਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ਵੱਲੋਂ ਦਰਾਮਦ ਕੀਤੇ ਗਏ ਅਸਲੇ ਵਿਚ ਭਾਰਤੀ ਅਸਲੇ ਦਾ ਹਿੱਸਾ ਮਹਿਜ਼ 1 ਫੀਸਦੀ ਵੀ ਨਹੀਂ ਬਣਦਾ।

Related Articles

LEAVE A REPLY

Please enter your comment!
Please enter your name here

Latest Articles