ਚੰਡੀਗੜ੍ਹ : ਰਾਹੁਲ ਗਾਂਧੀ ਵਿਦੇਸ਼ ‘ਚ ਹਾਦਸੇ ‘ਚ ਜ਼ਖਮੀ ਹੋਏ ਨੌਜਵਾਨ ਦੇ ਪਰਵਾਰ ਨਾਲ ਮੁਲਾਕਾਤ ਕਰਨ ਕਰਨਾਲ ਪਹੁੰਚੇ | ਰਾਹੁਲ ਨੇ ਹਾਲੀਆ ਅਮਰੀਕੀ ਫੇਰੀ ਦੌਰਾਨ ਜ਼ਖਮੀ ਨੌਜਵਾਨ ਅਮਿਤ ਨਾਲ ਮੁਲਾਕਾਤ ਕੀਤੀ ਸੀ | ਕਰਨਾਲ ਦੇ ਸਥਾਨਕ ਕਾਂਗਰਸੀ ਆਗੂਆਂ ਨੇ ਕਿਹਾ ਕਿ ਰਾਹੁਲ ਦੇ ਦੌਰੇ ਬਾਰੇ ਉਦੋਂ ਹੀ ਪਤਾ ਲੱਗਾ, ਜਦੋਂ ਉਹ ਘੋਗੜੀਪੁਰ ਪਿੰਡ ਪਹੁੰਚੇ | ਰਾਹੁਲ ਦਾ ਅਚਾਨਕ ਦੌਰਾ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਵਿਧਾਨ ਸਭਾ ਚੋਣਾਂ ‘ਚ ਕੁੱਝ ਦਿਨ ਬਾਕੀ ਹਨ |
ਅਮਿਤ ਦੇ ਭਰਾ ਅਜੀਤ ਨੇ ਦੱਸਿਆ ਕਿ ਰਾਹੁਲ ਸਵੇਰੇ 6 ਵਜੇ ਦੇ ਕਰੀਬ ਪਹੁੰਚੇ | ਉਸ ਨੇ ਦੱਸਿਆ—ਮੇਰਾ ਛੋਟਾ ਭਰਾ ਅਮਰੀਕਾ ‘ਚ ਰਹਿੰਦਾ ਹੈ, ਉਸ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਨ ਉਸ ਦੀ ਹਾਲਤ ਠੀਕ ਨਹੀਂ ਹੈ | ਕਾਫੀ ਪਰੇਸ਼ਾਨੀਆਂ ‘ਚੋਂ ਗੁਜ਼ਰ ਰਿਹਾ ਹੈ | ਰਾਹੁਲ ਉਸ ਨੂੰ ਅਮਰੀਕਾ ਵਿਚ ਮਿਲੇ ਸਨ ਅਤੇ ਵਾਅਦਾ ਕੀਤਾ ਸੀ ਕਿ ਉਹ ਉਸ ਦੇ ਪਰਵਾਰ ਨੂੰ ਮਿਲਣ ਜਾਣਗੇ |