ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਕਰਨਾਟਕ ਹਾਈ ਕੋਰਟ ਦੇ ਜੱਜ ਵੇਦਵਯਾਸਚਰ ਸ੍ਰੀਸ਼ਾਨੰਦ ਵੱਲੋਂ ਹਾਲ ਹੀ ਵਿਚ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਉਸਦੀ ਖਿਚਾਈ ਕਰਦਿਆਂ ਹਾਈ ਕੋਰਟ ਤੋਂ ਰਿਪੋਰਟ ਮੰਗੀ ਹੈ | ਸੁਪਰੀਮ ਕੋਰਟ ਨੇ ਟਿੱਪਣੀਆਂ ਦੀ ਸੋਸ਼ਲ ਮੀਡੀਆ ‘ਤੇ ਚਰਚਾ ਹੋਣ ਤੋਂ ਬਾਅਦ ਖੁਦ ਹੀ ਕੇਸ ਨੂੰ ਆਪਣੇ ਹੱਥ ਲਿਆ ਹੈ | ਜਸਟਿਸ ਸ੍ਰੀਸ਼ਾਨੰਦ ਨੇ ਮਾਲਕ ਤੇ ਕਿਰਾਏਦਾਰ ਵਿਚਾਲੇ ਝਗੜੇ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਬੇਂਗਲੁਰੂ ਦੇ ਮੁਸਲਮ ਬਹੁਗਿਣਤੀ ਵਾਲੇ ਇਲਾਕੇ ਨੂੰ ਪਾਕਿਸਤਾਨ ਕਹਿ ਦਿੱਤਾ ਸੀ | ਇਕ ਹੋਰ ਮਾਮਲੇ ਵਿਚ ਇਕ ਮਹਿਲਾ ਵਕੀਲ ਬਾਰੇ ਘਿ੍ਣਤ ਟਿੱਪਣੀ ਕੀਤੀ ਸੀ |
ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਸੰਜੀਵ ਖੰਨਾ, ਜਸਟਿਸ ਬੀ ਆਰ ਗਵਈ, ਜਸਟਿਸ ਸੂਰੀਆ ਕਾਂਤ ਤੇ ਜਸਟਿਸ ਰਿਸ਼ੀਕੇਸ਼ ਰਾਇ ‘ਤੇ ਅਧਾਰਤ ਪੰਜ ਮੈਂਬਰੀ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਹਦਾਇਤ ਕੀਤੀ ਕਿ ਉਹ ਚੀਫ ਜਸਟਿਸ ਤੋਂ ਪ੍ਰਸ਼ਾਸਕੀ ਹਦਾਇਤਾਂ ਲੈ ਕੇ ਦੋ ਦਿਨਾਂ ਵਿਚ ਸੁਪਰੀਮ ਕੋਰਟ ਨੂੰ ਰਿਪੋਰਟ ਘੱਲੇ |
ਚੀਫ ਜਸਟਿਸ ਚੰਦਰਚੂੜ ਨੇ ਕਿਹਾ—ਕਰਨਾਟਕ ਹਾਈ ਕੋਰਟ ਦੇ ਜੱਜ ਵੱਲੋਂ ਸੁਣਵਾਈ ਦੌਰਾਨ ਕੀਤੀਆਂ ਟਿੱਪਣੀਆਂ ਬਾਰੇ ਮੀਡੀਆ ਰਿਪੋਰਟਾਂ ਵੱਲ ਧਿਆਨ ਦਿਵਾਇਆ ਗਿਆ ਹੈ | ਉਹ ਸਾਰੀਆਂ ਕੋਰਟਾਂ ਨੂੰ ਸਲਾਹ ਦਿੰਦੇ ਹਨ ਕਿ ਕੋਰਟ ਵਿਚ ਸੁਣਵਾਈ ਲਾਈਵ-ਸਟ੍ਰੀਮ ਹੁੰਦੀ ਹੈ | ਸੋਸ਼ਲ ਮੀਡੀਆ ਦੇ ਅਜੋਕੇ ਦੌਰ ਵਿਚ ਸਾਨੂੰ ਨੇੜਿਓਾ ਵਾਚਿਆ ਜਾਂਦਾ ਹੈ ਤੇ ਸਾਨੂੰ ਸੰਭਲ ਕੇ ਚੱਲਣਾ ਚਾਹੀਦਾ ਹੈ |
ਜੱਜ ਦੀਆਂ ਟਿੱਪਣੀਆਂ ਦੀਆਂ ਵੀਡੀਓ ਕਲਿੱਪਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਇੰਦਰਾ ਜੈਸਿੰਘ ਤੇ ਹੋਰਨਾਂ ਉੱਘੇ ਵਕੀਲਾਂ ਨੇ ਮੰਗ ਕੀਤੀ ਸੀ ਕਿ ਸੁਪਰੀਮ ਕੋਰਟ ਇਸਦਾ ਖੁਦ ਹੀ ਨੋਟਿਸ ਲਵੇ | ਇੰਦਰਾ ਜੈਸਿੰਘ ਨੇ ਇਹ ਵੀ ਕਿਹਾ ਸੀ ਕਿ ਕਰਨਾਟਕ ਹਾਈ ਕੋਰਟ ਦੇ ਜੱਜ ਨੂੰ ਸਿਖਾਇਆ ਜਾਵੇ ਕਿ ਬੀਬੀਆਂ ਨਾਲ ਕਿਵੇਂ ਪੇਸ਼ ਆਈਦਾ ਹੈ |
ਵੀਡੀਓ ਕਲਿੱਪ ਵਿਚ ਜਸਟਿਸ ਸ੍ਰੀਸ਼ਾਨੰਦ ਮਹਿਲਾ ਵਕੀਲ ਨੂੰ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਉਹ ‘ਵਿਰੋਧੀ ਪਾਰਟੀ’ ਬਾਰੇ ਕਾਫੀ ਜਾਣਦੀ ਹੈ, ਏਨਾ ਜ਼ਿਆਦਾ ਕਿ ਉਹ ਦੱਸ ਸਕਦੀ ਹੈ ਕਿ ਸਵਾਲ ਦੇ ਘੇਰੇ ਵਿਚ ਆਏ ਵਿਅਕਤੀ ਨੇ ਕਿਹੜੇ ਰੰਗ ਦੇ ਅੰਗ-ਵਸਤਰ ਪਾਏ ਹੋਏ ਸਨ | ਸੁਪਰੀਮ ਕੋਰਟ ਰਿਪੋਰਟ ਮਿਲਣ ਤੋਂ ਬਾਅਦ ਇਸ ਮਾਮਲੇ ‘ਤੇ 23 ਸਤੰਬਰ ਨੂੰ ਫਿਰ ਸੁਣਵਾਈ ਕਰੇਗੀ |