ਭੁਬਨੇਸ਼ਵਰ : ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਰਾਜਧਾਨੀ ਭੁਬਨੇਸ਼ਵਰ ਦੇ ਇਕ ਪੁਲਸ ਥਾਣੇ ਵਿਚ ਮੇਜਰ ਤੇ ਉਸ ਦੀ ਮੰਗੇਤਰ ‘ਤੇ ਜਿਸਮਾਨੀ ਹਮਲਿਆਂ ਦੀ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਹੈ | ਉਨ੍ਹਾ ਕਿਹਾ ਕਿ ਭਾਜਪਾ ਦੀ ਹਕੂਮਤ ਵਾਲੇ ਰਾਜ ਵਿਚ ਇਸ ਘਟਨਾ ਨੇ ਦੇਸ਼ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ |
ਇਸ ਘਟਨਾ ਦੇ ਸੰਬੰਧ ਵਿਚ ਡੀ ਜੀ ਪੀ ਵਾਈ ਬੀ ਖੁਰਾਨੀਆ ਨੇ ਪੰਜ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ | ਇਸੇ ਦੌਰਾਨ ਸ਼ੁੱਕਰਵਾਰ ਮਹਿਲਾਵਾਂ ਨੇ ਥਾਣੇ ਅੱਗੇ ਧਰਨਾ ਦੇ ਕੇ ਮੁਲਾਜ਼ਮਾਂ ਦੀ ਗਿ੍ਫਤਾਰੀ ਦੀ ਮੰਗ ਕੀਤੀ ਹੈ |
ਮੇਜਰ ਦੀ ਮੰਗੇਤਰ ਨੂੰ ਕਈ ਜ਼ਖਮਾਂ ਤੇ ਜਬਾੜਾ ਹਿੱਲਣ ਕਾਰਨ ਏਮਜ਼ ਵਿਚ ਦਾਖਲ ਕਰਾਉਣਾ ਪਿਆ ਸੀ | ਪੁਲਸ ਨੇ ਉਸ ਨੂੰ ਹਮਲਾ ਕਰਨ ਦੇ ਦੋਸ਼ ਵਿਚ ਗਿ੍ਫਤਾਰ ਕੀਤਾ ਸੀ ਤੇ ਓਡੀਸ਼ਾ ਹਾਈ ਕੋਰਟ ਨੇ ਉਸ ਨੂੰ ਜ਼ਮਾਨਤ ‘ਤੇ ਬੁੱਧਵਾਰ ਛੱਡਿਆ ਸੀ | ਮਹਿਲਾ ਵਕੀਲ ਹੈ ਤੇ ਭੁਬਨੇਸ਼ਵਰ ਵਿਚ ਰੈਸਟੋਰੈਂਟ ਚਲਾਉਂਦੀ ਹੈ | ਉਸ ਨੇ ਹਸਪਤਾਲ ਤੋਂ ਛੁੱਟੀ ਮਿਲਣ ‘ਤੇ ਦੱਸਿਆ ਕਿ ਐਤਵਾਰ ਅੱਧੀ ਰਾਤੇ ਰੈਸਟੋਰੈਂਟ ਬੰਦ ਕਰਕੇ ਉਹ ਮੰਗੇਤਰ ਨਾਲ ਨਿਕਲੀ ਸੀ ਕਿ ਕੁਝ ਬੰਦਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਕੁੱਟਮਾਰ ਕਰਨ ਲੱਗੇ | ਉਹ ਕਿਸੇ ਤਰ੍ਹਾਂ ਬਚ ਕੇ ਪੁਲਸ ਦੀ ਮਦਦ ਲੈਣ ਲਈ ਭਰਤਪੁਰ ਥਾਣੇ ਪੁੱਜੇ | ਉੱਥੇ ਸਿਰਫ ਇਕ ਮਹਿਲਾ ਮੁਲਾਜ਼ਮ ਸੀ | ਉਨ੍ਹਾਂ ਨੇ ਉਸ ਨੂੰ ਐੱਫ ਆਈ ਆਰ ਦਰਜ ਕਰਨ ਤੇ ਉਨ੍ਹਾਂ ਨੂੰ ਘਰ ਤਕ ਪਹੁੰਚਾਉਣ ਲਈ ਪੁਲਸ ਪਾਰਟੀ ਨਾਲ ਭੇਜਣ ਦੀ ਬੇਨਤੀ ਕੀਤੀ, ਕਿਉਂਕਿ ਗੱਡੀਆਂ ਵਿਚ ਬੈਠੇ ਨੌਜਵਾਨ ਉਨ੍ਹਾਂ ਦਾ ਕਿਸੇ ਵੀ ਸਮੇਂ ਪਿੱਛਾ ਕਰ ਸਕਦੇ ਹਨ | ਮਹਿਲਾ ਮੁਲਾਜ਼ਮ ਨੇ ਐੱਫ ਆਈ ਆਰ ਦਰਜ ਕਰਨ ਦੀ ਥਾਂ ਉਸ ਨਾਲ ਬਦਤਮੀਜ਼ੀ ਕੀਤੀ ਤੇ ਗਾਲ੍ਹਾਂ ਵੀ ਕੱਢੀਆਂ | ਉਸ ਨੇ ਮੁਲਾਜ਼ਮ ਨੂੰ ਦੱਸਿਆ ਕਿ ਉਹ ਵਕੀਲ ਹੈ ਤੇ ਐੱਫ ਆਈ ਆਰ ਦਰਜ ਕਰਨੀ ਉਸਦੀ ਡਿਊਟੀ ਹੈ |
ਇਸੇ ਦੌਰਾਨ ਗਸ਼ਤੀ ਪਾਰਟੀ ਦੀ ਗੱਡੀ ਵਿਚ ਮਹਿਲਾ ਮੁਲਾਜ਼ਮ ਸਣੇ ਕਈ ਪੁਲਸ ਵਾਲੇ ਆ ਗਏ | ਪੀੜਤਾ ਨੇ ਦੱਸਿਆ ਕਿ ਕੁਝ ਦੇਰ ਬਾਅਦ ਪਤਾ ਨਹੀਂ ਕੀ ਹੋਇਆ ਕਿ ਉਨ੍ਹਾਂ ਮੇਜਰ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ | ਜਦੋਂ ਉਸ ਨੇ ਕਿਹਾ ਕਿ ਉਹ ਫੌਜੀ ਅਧਿਕਾਰੀ ਨੂੰ ਸਲਾਖਾਂ ਪਿੱਛੇ ਡੱਕ ਨਹੀਂ ਸਕਦੇ, ਇਹ ਨਿਯਮ ਦੇ ਖਿਲਾਫ ਹੈ, ਤਾਂ ਮਹਿਲਾ ਮੁਲਾਜ਼ਮ ਨੇ ਉਸਨੂੰ ਵਾਲਾਂ ਤੋਂ ਫੜ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਜਦੋਂ ਉਸ ਨੇ ਕਿਹਾ ਕਿ ਉਹ ਵਕੀਲ ਹੈ ਤਾਂ ਇਕ ਮਹਿਲਾ ਮੁਲਾਜ਼ਮ ਨੂੰ ਹੋਰ ਗੁੱਸਾ ਚੜ੍ਹ ਗਿਆ | ਫਿਰ ਦੋ ਮਹਿਲਾਵਾਂ ਨੇ ਵਾਲਾਂ ਤੋਂ ਫੜ ਕੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ | ਜਦੋਂ ਉਸ ਨੇ ਵਿਰੋਧ ਕੀਤਾ ਤਾਂ ਧੂਹ ਕੇ ਗਲਿਆਰੇ ਵਿਚ ਲੈ ਗਈਆਂ | ਇਕ ਮਹਿਲਾ ਮੁਲਾਜ਼ਮ ਨੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ | ਉਸ ਨੇ ਉਸ ਦੇ ਹੱਥ ਵਿਚ ਦੰਦੀ ਵੱਢ ਕੇ ਬਚਾਅ ਕੀਤਾ | ਉਸ ਦੇ ਬਾਅਦ ਮਹਿਲਾ ਮੁਲਾਜ਼ਮਾਂ ਨੇ ਉਸ ਦੀ ਜੈਕਟ ਉਤਾਰ ਕੇ ਉਸ ਨਾਲ ਪਿੱਛੇ ਹੱਥ ਬੰਨ੍ਹ ਦਿੱਤੇ ਤੇ ਇਕ ਨੇ ਦੁਪੱਟੇ ਨਾਲ ਪੈਰ ਬੰਨ੍ਹ ਕੇ ਕਮਰੇ ਵਿਚ ਬੰਦ ਕਰ ਦਿੱਤਾ | ਕੁਝ ਦੇਰ ਬਾਅਦ ਇਕ ਮਰਦ ਪੁਲਸ ਵਾਲੇ ਨੇ ਉਸ ਦੀ ਬ੍ਰਾ ਉਤਾਰ ਕੇ ਉਸ ਦੀ ਛਾਤੀ ‘ਤੇ ਪੈਰ ਮਾਰੇ | ਫਿਰ ਇੰਸਪੈਕਟਰ ਨੇ ਉਸ ਦੀ ਪੈਂਟ ਦੀ ਜ਼ਿਪ ਖੋਲ੍ਹ ਕੇ ਆਪਣਾ ਗੁਪਤਾਂਗ ਦਿਖਾਉਂਦਿਆਂ ਉਸ ਨਾਲ ਜਿਸਮਾਨੀ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕੀਤੀ | ਉਸ ਨੇ ਉਸ ਨਾਲ ਛੇੜਛਾੜ ਵੀ ਕੀਤੀ |
ਉਧਰ, ਚੰਦਾਕਾ ਥਾਣੇ ਵਿਚ ਉਨ੍ਹਾਂ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਮੇਜਰ ਤੇ ਉਸ ਦੀ ਮੰਗੇਤਰ ਨਾਲ ਬਦਸਲੂਕੀ ਕੀਤੀ ਸੀ |