ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਉਨ੍ਹਾ ਕਦੀ ਪਾਕਿਸਤਾਨ ਦੇ ਏਜੰਡੇ ਨੂੰ ਅੱਗੇ ਨਹੀਂ ਵਧਾਇਆ। ਉਨ੍ਹਾ ਮੁਤਾਬਕ ਜੋ ਉਨ੍ਹਾ ’ਤੇ ਦੋਸ਼ ਲਾ ਰਹੇ ਹਨ, ਉਹ ਖੁਦ ਪਾਕਿਸਤਾਨ ਦੇ ਏਜੰਡੇ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾ ਦਾ ਕਹਿਣਾ ਹੈ ਕਿ ਜੋ ਲੋਕ ਖੁਦ ਪਾਕਿਸਤਾਨ ਦੇ ਏਜੰਟ ਹਨ, ਉਹ ਉਨ੍ਹਾ ਨੂੰ ਪਾਕਿਸਤਾਨ ਦਾ ਏਜੰਟ ਕਹਿ ਰਹੇ ਹਨ। ਇਸ ਤੋਂ ਇਲਾਵਾ ਫਾਰੂਕ ਅਬਦੁੱਲਾ ਨੇ ਭਾਜਪਾ ਤੋਂ ਤਿਰੂਪਤੀ ਮੰਦਰ ਦੇ ਪ੍ਰਸ਼ਾਦ ’ਚ ਪਾਈ ਗਈ ਗੜਬੜ ਨੂੰ ਲੈ ਕੇ ਵੀ ਸਵਾਲ ਪੁੱਛੇ। ਫਾਰੂਕ ਨੇ ਕਿਹਾਅਸੀਂ ਪਾਕਿਸਤਾਨ ਤੋਂ ਕੀ ਲੈਣਾ-ਦੇਣਾ? ਭਾਜਪਾ ਕਹਿੰਦੀ ਹੈ ਕਿ ਆਰਟੀਕਲ 370 ਅੱਤਵਾਦ ਲਈ ਜ਼ਿੰਮੇਵਾਰ ਹੈ, ਪਰ ਹੁਣ ਉਹ ਸੱਤਾ ’ਚ ਹਨ, ਕੀ ਅੱਤਵਾਦ ਖ਼ਤਮ ਹੋ ਗਿਆ? ਉਨ੍ਹਾਂ ਤਾਂ ਜੰਮੂ-ਕਸ਼ਮੀਰ ਨੂੰ ਟੁਕੜਿਆਂ ’ਚ ਵੰਡ ਦਿੱਤਾ, ਕਿਉਂਕਿ ਇਹ ਇੱਕ ਮੁਸਲਿਮ ਬਹੁ-ਗਿਣਤੀ ਵਾਲਾ ਸੂਬਾ ਹੈ।
ਲਾਪਤਾ 6 ਸਾਲਾ ਬੱਚੀ ਦੀ ਲਾਸ਼ ਮਿਲੀ
ਯਮੁਨਾਨਗਰ : ਯਮੁਨਾਨਗਰ ਜ਼ਿਲ੍ਹੇ ਦੇ ਛਛਰੌਲੀ ਥਾਣੇ ਅਧੀਨ ਪੈਂਦੇ ਪਿੰਡ ’ਚ ਗੰਨੇ ਦੇ ਖੇਤ ’ਚੋਂ ਛੇ ਸਾਲਾ ਬੱਚੀ ਦੀ ਲਾਸ਼ ਮਿਲੀ।ਪੀੜਤਾ ਸ਼ੁੱਕਰਵਾਰ ਸ਼ਾਮ ਨੂੰ ਘਰ ਦੇ ਬਾਹਰ ਖੇਡਦੀ ਹੋਈ ਲਾਪਤਾ ਹੋ ਗਈ ਸੀ।ਸਥਾਨਕ ਲੋਕਾਂ ਨੂੰ ਸ਼ੱਕ ਹੈ ਕਿ ਲੜਕੀ ਨੂੰ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਜਿਨਸੀ ਸ਼ੋਸ਼ਣ ਤੋਂ ਬਾਅਦ ਮਾਰ ਦਿੱਤਾ।ਯਮੁਨਾਨਗਰ ਦੇ ਪੁਲਸ ਸੁਪਰਡੈਂਟ ਗੰਗਾ ਰਾਮ ਪੁਨੀਆ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਇੱਕ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ।ਉਨ੍ਹਾ ਦੱਸਿਆ ਕਿ ਲੜਕੀ ਦੀ ਲਾਸ਼ ਕੁਝ ਘੰਟਿਆਂ ਬਾਅਦ ਗੰਨੇ ਦੇ ਖੇਤ ’ਚੋਂ ਮਿਲੀ।ਪੂਨੀਆ ਨੇ ਕਿਹਾ ਕਿ ਪਹਿਲੀ ਨਜ਼ਰੇ ਜਾਪਦਾ ਹੈ ਕਿ ਲੜਕੀ ਦਾ ਕਤਲ ਕੀਤਾ ਗਿਆ ਹੈ। ਜਿਨਸੀ ਸ਼ੋਸ਼ਣ ਬਾਰੇ ਪੋਸਟਮਾਰਟਮ ਜਾਂਚ ਤੋਂ ਬਾਅਦ ਪਤਾ ਲੱਗ ਸਕੇਗਾ। ਉਨ੍ਹਾ ਕਿਹਾ ਕਿ ਇੱਕ ਸ਼ੱਕੀ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਦਮੋਰੀਆ ਪੁਲ ਨੇੜੇ ਆਈਸ ਫੈਕਟਰੀ ’ਚ ਗੈਸ ਲੀਕ
ਜਲੰਧਰ (ਸੁਰਿੰਦਰ ਕੁਮਾਰ)-ਜਲੰਧਰ ’ਚ ਦਮੋਰੀਆ ਪੁਲ ਨੇੜੇ ਰੇਲਵੇ ਰੋਡ ’ਤੇ ਸਥਿਤ ਆਈਸ ਫੈਕਟਰੀ ’ਚੋਂ ਅਮੋਨੀਆ ਗੈਸ ਲੀਕ ਹੋ ਗਈ।ਪੁਲਸ ਤੇ ਫਾਇਰ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਰਸਤਾ ਬੰਦ ਕਰ ਦਿੱਤਾ।ਸਾਰੀਆਂ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ ਸਨ। ਉਥੋਂ ਲੰਘ ਰਹੇ ਚਾਰ ਮਜ਼ਦੂਰ ਬੇਹੋਸ਼ ਹੋ ਗਏ।ਬੇਹੋਸ਼ ਹੋਏ ਮਜ਼ਦੂਰਾਂ ਨੂੰ ਨਜ਼ਦੀਕੀ ਡਾਕਟਰ ਦੀ ਦੁਕਾਨ ’ਤੇ ਮੁੱਢਲੀ ਸਹਾਇਤਾ ਦੇ ਕੇ ਵਾਪਸ ਭੇਜ ਦਿੱਤਾ ਗਿਆ।ਥਾਣਾ ਨੰਬਰ-3 ਦੀ ਪੁਲਸ ਨੇ ਦਮੋਰੀਆ ਪੁਲ, ਮਾਈ ਹੀਰਾਂ ਗੇਟ, ਟਾਂਡਾ ਰੋਡ, ਢੰਨ ਮੁਹੱਲਾ ਅਤੇ ਹੋਰ ਸਾਰੀਆਂ ਸੜਕਾਂ ’ਤੇ ਬੈਰੀਕੇਡ ਲਗਾ ਕੇ ਪੂਰੀ ਸੜਕ ਨੂੰ ਬੰਦ ਕਰ ਦਿੱਤਾ। ਗੈਸ ਦੀ ਗੰਧ ਦੂਰੋਂ ਆ ਰਹੀ ਸੀ। ਫਾਇਰ ਵਿਭਾਗ ਦੀ ਟੀਮ ਨੇ ਗੈਸ ਦੀ ਲੀਕੇਜ ਨੂੰ ਭਾਰੀ ਮੁਸ਼ੱਕਤ ਨਾਲ ਬੰਦ ਕਰਵਾ ਦਿੱਤਾ।ਡਿਪਟੀ ਕਮਿਸ਼ਨਰ ਹਿਮਾਸ਼ੂ ਅਗਰਵਾਲ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਐਸ ਡੀ ਐਮ-1 ਨੂੰ ਇਸ ਘਟਨਾ ਦੀ ਜਾਂਚ ਦਾ ਜਿੰਮਾ ਸੌਂਪਿਆ ਹੈ।