ਕਿਸਾਨਾਂ ਵੱਲੋਂ ਸਰਕਾਰ ਤੋਂ ਦਖ਼ਲ ਦੀ ਮੰਗ
ਮਲੋਟ (ਗੁਰਮੀਤ ਸਿੰਘ ਮੱਕੜ)
ਸਾਲ 2016-17 ਦੌਰਾਨ ਸੂਬਾ ਸਰਕਾਰ ਨੇ ਮਾਲਵਾ ਖੇਤਰ ਦੀਆਂ ਸੇਮ ਮਾਰੀਆਂ ਜ਼ਮੀਨਾਂ ਵਿੱਚ ਝੀਂਗਾ ਮੱਛੀ ਦੀ ਖੇਤੀ ਸ਼ੁਰੂ ਕਰਵਾਈ ਸੀ, ਜਿਸ ’ਤੇ ਸਰਕਾਰ 40 ਫੀਸਦੀ ਦੀ ਸਬਸਿਡੀ ਦੇ ਰਹੀ ਹੈ। ਇਹ ਬਹੁਤ ਲਾਗਤ ਤੇ ਖਤਰੇ ਵਾਲੀ ਖੇਤੀ ਹੈ, ਪਰ ਲਾਭ ਵੀ ਕਾਫੀ ਦੇ ਜਾਂਦੀ ਹੈ। ਵੱਡਾ ਫਾਇਦਾ ਇਹ ਹੈ ਕਿ ਇਸ ਨਾਲ ਬੇਕਾਰ ਜ਼ਮੀਨਾਂ ਵੀ ਕੰਮ ਆਉਣ ਲੱਗੀਆਂ ਹਨ। ਜਿਵੇਂ ਕਿ ਸਰਮਾਏਦਾਰੀ ਨਿਜ਼ਾਮ ਵਿੱਚ ਹੁੰਦਾ ਹੈ, ਇਸ ਦੌਰਾਨ ਕਮਿਸ਼ਨ ਏਜੰਟ ਵੀ ਪੈਦਾ ਹੋ ਗਏ ਹਨ, ਜੋ ਮੋਟੇ ਕਮਿਸ਼ਨ ’ਤੇ ਕਿਸਾਨਾਂ ਨੂੰ ਪੂੰਗ, ਦਵਾਈਆਂ, ਖੁਰਾਕ (ਫੀਡ) ਆਦਿ ਨਗਦ ਤੇ ਉਧਾਰ ਵੀ ਦੇਣ ਲੱਗੇ। ਥੋੜ੍ਹੇ ਸਮੇਂ ਵਿੱਚ ਇਹ ਸਭ ਅਮੀਰ ਹੋ ਗਏ।
ਹੁਣ ਇਨ੍ਹਾਂ (ਜੋ ਗਿਣਤੀ ਵਿੱਚ ਸੱਤ-ਅੱਠ ਹੀ ਹਨ), ਆਪਣੀ ਯੂਨੀਅਨ ਬਣਾ ਲਈ ਹੈ ਤੇ ਅਜਾਏਦਾਰੀ ਸਥਾਪਤ ਕਰਨ ਦੀ ਕੋਸ਼ਿਸ਼ ਵਿੱਚ ਹਨ। ਇਹ ਕਹਿੰਦੇ ਹਨ ਕਿ ਕਿਸਾਨਾਂ ਤੋਂ ਮੱਛੀ ਅਸੀਂ ਖਰੀਦਾਂਗੇ ਤੇ ਉਹ ਵੀ ਆਪਣੀ ਮਨਮਰਜ਼ੀ ਦੇ ਭਾਅ ’ਤੇ। ਕਿਸੇ ਬਾਹਰਲੇ ਵਪਾਰੀ ਨੂੰ ਇਲਾਕੇ ਵਿੱਚ ਵੜਣ ਨਹੀਂ ਦਿਆਂਗੇ। ਇਸ ਦੇ ਮੱਦੇਨਜ਼ਰ ਬੀਤੀ 18 ਸਤੰਬਰ ਦੀ ਸ਼ਾਮ ਨੂੰ ਇਨ੍ਹਾਂ ਪੰਜਾਬ ਤੋਂ ਬਾਹਰਲੇ ਇਕ ਵਪਾਰੀ ਦੀਆਂ ਮੱਛੀ ਨਾਲ ਭਰੀਆਂ ਦੋ ਗੱਡੀਆਂ ਅਗਵਾ ਕਰ ਲਈਆਂ ਅਤੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ। ਝੀਂਗਾ ਮੱਛੀ ਉਤਪਾਦਕ ਕਿਸਾਨ 19 ਸਤੰਬਰ ਨੂੰ ਸਰਕਾਰੀ ਮੱਛੀ ਫਾਰਮ ਈਨਾ ਖੇੜਾ ਵਿੱਚ ਇਕੱਠੇ ਹੋਏ ਅਤੇ ਮੱਛੀ ਪਾਲਣ ਵਿਕਾਸ ਅਫਸਰ, ਡਿਪਟੀ ਕਮਿਸ਼ਨਰ ਤੇ ਪੁਲਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਨੂੰ ਸ਼ਿਕਾਇਤ ਦਰਜ ਕਰਵਾਈ। 20 ਸਤੰਬਰ ਨੂੰ ਡੀ ਐੱਸ ਪੀ ਮਲੋਟ ਦੇ ਦਫ਼ਤਰ ਲਗਭਗ 200 ਝੀਂਗਾ ਮੱਛੀ ਪਾਲਕ ਕਿਸਾਨ ਗਏ, ਪਰ ਉਹਨਾ ਵੀ ਡੀਲਰਾਂ ਦੇ ਹੱਕ ਦੀ ਗੱਲ ਕੀਤੀ ਤੇ ਵੱਡੀ ਗਿਣਤੀ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰਕੇ ਘਰ ਤੋਰ ਦਿੱਤਾ। ਝੀਂਗਾ ਮੱਛੀ ਪਾਲਕ ਕਿਸਾਨਾਂ ਦੀ ਮੰਗ ਹੈ ਕਿ ਇਨ੍ਹਾਂ ਡੀਲਰਾਂ ਦੀ ਇਜਾਰੇਦਾਰੀ ਤੇ ਗੁੰਡਾਗਰਦੀ ਨੂੰ ਰੋਕਿਆ ਜਾਵੇ, ਨਹੀਂ ਤਾਂ ਝੀਂਗਾ ਮੱਛੀ ਪਾਲਕਾਂ ਦਾ ਕਾਰੋਬਾਰ ਚੌਪਟ ਹੋ ਜਾਵੇਗਾ।