ਤਿਰੂਪਤੀ : ਤਿਰੂਪਤੀ ਦੇ ਪ੍ਰਸਿੱਧ ਲੱਡੂ ਪ੍ਰਸ਼ਾਦ ’ਚ ਘਿਓ ਦੀ ਗੁਣਵੱਤਾ ਨੂੰ ਲੈ ਕੇ ਸ਼ਰਧਾਲੂਆਂ ਦੀਆਂ ਚਿੰਤਾਵਾਂ ਵਿਚਕਾਰ ਤਿਰੂਮਾਲਾ ਤਿਰੂਪਤੀ ਦੇਵ ਸਥਾਨ (ਟੀ ਟੀ ਡੀ) ਨੇ ਕਿਹਾ ਕਿ ਇਸ ਪਵਿੱਤਰ ਪ੍ਰਸ਼ਾਦ ਦੀ ਸੁੱਚਤਾ ਬਹਾਲ ਕੀਤੀ ਗਈ ਹੈ।ਤਿਰੂਮਾਲਾ ਪਹਾੜੀ ’ਤੇ ਸਥਿਤ ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦਾ ਪ੍ਰਬੰਧ ਕਰਨ ਵਾਲੇ ਟੀ ਟੀ ਡੀ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਸ੍ਰੀਵਾਰੀ ਲੱਡੂ ਦੀ ਪਵਿੱਤਰਤਾ ਬੇਦਾਗ ਹੈ। ਦੇਸ਼ ਦੇ ਸਭ ਤੋਂ ਅਮੀਰ ਮੰਦਰ ਦਾ ਸੰਚਾਲਨ ਕਰਨ ਵਾਲੇ ਬੋਰਡ ਨੇ ਖੁਲਾਸਾ ਕੀਤਾ ਸੀ ਕਿ ਗੁਣਵੱਤਾ ਦੀ ਜਾਂਚ ਲਈ ਭੇਜੇ ਗਏ ਨਮੂਨਿਆਂ ’ਚ ਘਟੀਆ ਘਿਓ ਅਤੇ ਚਰਬੀ ਦੀ ਮਿਲਾਵਟ ਬਾਰੇ ਪਤਾ ਲੱਗਿਆ ਹੈ।ਇਸ ਤੋਂ ਦੋ ਦਿਨ ਪਹਿਲਾਂ ਲੱਡੂ ’ਚ ਚਰਬੀ ਦੀ ਮਿਲਾਵਟ ਦਾ ਦਾਅਵਾ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਕੀਤਾ ਸੀ। ਇਸ ਮੁੱਦੇ ’ਤੇ ਪਿਛਲੀ ਵਾਈ ਐੱਸ ਆਰ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਦੋਸ਼ੀ ਠਹਿਰਾਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਵਾਈ ਐੱਸ ਜਗਨਮੋਹਨ ਰੈਡੀ ਨੇ ਇਸ ਨੂੰ ਭਟਕਾਉਣ ਦੀ ਰਾਜਨੀਤੀ ਅਤੇ ਮਨਘੜਤ ਕਹਾਣੀ ਕਿਹਾ ਸੀ।ਉਧਰ ਕੇਂਦਰ ਨੇ ਇਸ ਮਾਮਲੇ ਨੂੰ ਲੈ ਕੇ ਆਂਧਰਾ ਪ੍ਰਦੇਸ਼ ਸਰਕਾਰ ਤੋਂ ਰਿਪੋਰਟ ਮੰਗੀ ਹੈ ਅਤੇ ਯੋਗ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ।ਕਾਰਜਕਾਰੀ ਅਧਿਕਾਰੀ ਜੇ ਸ਼ਿਆਮਲਾ ਰਾਓ ਨੇ ਕਿਹਾ ਕਿ ਪ੍ਰਯੋਗਸ਼ਾਲਾ ਦੀ ਜਾਂਚ ਦੇ ਨਮੂਨਿਆਂ ਵਿਚ ਪਸ਼ੂਆਂ ਦੀ ਚਰਬੀ ਪਾਈ ਗਈ ਹੈ ਅਤੇ ਬੋਰਡ ਇਸ ਮਿਲਾਵਟੀ ਘਿਓ ਦੀ ਵਰਤੋਂ ਕਰਨ ਵਾਲੇ ਠੇਕੇਦਾਰ ਨੂੰ ਬਲੈਕਲਿਸਟ ਕਰਨ ਲਈ ਕਾਰਵਾਈ ਕਰ ਰਿਹਾ ਹੈ।