ਕੋਲੰਬੋ : ਅਨੂਰਾ ਕੁਮਾਰਾ ਦੀਸਾਨਾਇਕੇ ਨੇ ਸੋਮਵਾਰ ਸ੍ਰੀਲੰਕਾ ਦੇ ਨੌਵੇਂ ਰਾਸ਼ਟਰਪਤੀ ਵਜੋਂ ਹਲਫ ਲਿਆ। ਚੀਫ ਜਸਟਿਸ ਜਯੰਤ ਜੈਸੂਰੀਆ ਨੇ ਰਾਸ਼ਟਰਪਤੀ ਭਵਨ ਵਿਚ ਦੀਸਾਨਾਇਕੇ ਨੂੰ ਸਹੁੰ ਚੁਕਾਈ। ਦੀਸਾਨਾਇਕੇ ਨੇ ਸੰਖੇਪ ਸੰਬੋਧਨ ਵਿਚ ਕਿਹਾਅਸੀਂ ਨਹੀਂ ਮੰਨਦੇ ਕਿ ਇਕ ਸਰਕਾਰ, ਇਕ ਪਾਰਟੀ ਜਾਂ ਵਿਅਕਤੀ ਸ੍ਰੀਲੰਕਾ ਦੇ ਡੂੰਘੇ ਸੰਕਟ ਨੂੰ ਹੱਲ ਕਰ ਸਕਣਗੇ।
ਨੈਸ਼ਨਲ ਪੀਪਲਜ਼ ਪਾਵਰ (ਐੱਨ ਪੀ ਪੀ) ਦੇ ਨੇਤਾ ਦੀਸਾਨਾਇਕੇ ਨੇ ਸ਼ਨੀਵਾਰ ਨੂੰ ਹੋਈਆਂ ਚੋਣਾਂ ’ਚ ਸਾਮਗੀ ਜਨ ਬਲਵੇਗਯਾ (ਐੱਸ ਜੇ ਬੀ) ਦੇ ਆਪਣੇ ਨੇੜਲੇ ਵਿਰੋਧੀ ਸਾਜਿਤ ਪ੍ਰੇਮਦਾਸਾ ਨੂੰ ਹਰਾਇਆ ਸੀ।
ਦੇਸ਼ ’ਚ ਆਰਥਕ ਸੰਕਟ ਕਾਰਨ 2022 ’ਚ ਹੋਏ ਵੱਡੇ ਜਨ-ਅੰਦੋਲਨ ਤੋਂ ਬਾਅਦ ਇਹ ਪਹਿਲੀ ਚੋਣ ਸੀ। ਇਸ ਜਨ-ਅੰਦੋਲਨ ’ਚ ਗੋਟਾਬਾਯਾ ਰਾਜਪਕਸ਼ੇ ਨੂੰ ਬਾਹਰ ਕਰ ਦਿੱਤਾ ਗਿਆ ਸੀ। ਚੋਣ ਜਿੱਤਣ ਤੋਂ ਬਾਅਦ ਦੀਸਾਨਇਕੇ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਫਤਵੇ ਦਾ ਸਨਮਾਨ ਕਰਨ ਅਤੇ ਸ਼ਾਂਤੀਪੁਵਰਕ ਤਬਾਦਲੇ ਲਈ ਸਾਬਕਾ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦਾ ਧੰਨਵਾਦ ਕੀਤਾ। ਰਾਹੁਲ ਨੇ ਦੀਸਾਨਾਇਕੇ ਨੂੰ ਵਧਾਈ ਦਿੱਤੀ ਹੈ। ਦੀਸਾਨਾਇਕੇ ਮਾਰਕਸਵਾਦੀ ਪਾਰਟੀ ਦੇ ਪਹਿਲੇ ਨੇਤਾ ਹਨ, ਜਿਨ੍ਹਾ ਦੇਸ਼ ਦੀ ਵਾਗਡੋਰ ਸੰਭਾਲੀ ਹੈ। ਮੌਜੂਦਾ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਪਹਿਲੇ ਗੇੜ ਦੀਆਂ ਵੋਟਾਂ ਦੀ ਗਿਣਤੀ ਵਿੱਚੋਂ ਹੀ ਬਾਹਰ ਹੋ ਕੇ ਚੋਟੀ ਦੇ ਦੋ ਉਮੀਦਵਾਰਾਂ ’ਚ ਥਾਂ ਬਣਾਉਣ ’ਚ ਨਾਕਾਮ ਰਹੇ। ਚੋਣ ਕਮਿਸ਼ਨ ਨੇ ਚੋਣਾਂ ’ਚ ਕਿਸੇ ਵੀ ਉਮੀਦਵਾਰ ਨੂੰ ਜਿੱਤ ਲਈ ਲੋੜੀਂਦੀਆਂ 50 ਫੀਸਦੀ ਤੋਂ ਵੱਧ ਵੋਟਾਂ ਨਾ ਮਿਲਣ ਮਗਰੋਂ ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਦੂਸਰੇ ਗੇੜ ਦੀਆਂ ਵੋਟਾਂ ਦੀ ਗਿਣਤੀ ਕਰਵਾਉਣ ਦਾ ਆਦੇਸ਼ ਦਿੱਤਾ ਸੀ। ਸ੍ਰੀਲੰਕਾ ਦੀ ਰਾਸ਼ਟਰਪਤੀ ਚੋਣ ’ਚ ਦਰਜਾ ਆਧਾਰਤ ਵੋਟ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਹਿਤ ਵੋਟਰ ਤਰਜੀਹ ਦੇ ਆਧਾਰ ’ਤੇ ਵੱਧ ਤੋਂ ਵੱਧ ਤਿੰਨ ਉਮੀਦਵਾਰਾਂ ਨੂੰ ਸ਼੍ਰੇਣੀਬੱਧ ਕਰਦੇ ਹਨ। ਜੇ ਕਿਸੇ ਉਮੀਦਵਾਰ ਨੂੰ ਪਹਿਲੀ ਪਸੰਦ ਵਜੋਂ 50 ਫੀਸਦੀ ਤੋਂ ਵੱਧ ਵੋਟਾਂ ਯਾਨੀ ਪੂਰਨ ਬਹੁਮਤ ਮਿਲਦਾ ਹੈ, ਤਾਂ ਉਹ ਜੇਤੂ ਐਲਾਨ ਦਿੱਤਾ ਜਾਂਦਾ ਹੈ।
‘ਏ ਕੇ ਡੀ’ ਵਜੋਂ ਮਸ਼ਹੂਰ ਦੀਸਾਨਾਇਕੇ ਦੇ ਭਿ੍ਰਸ਼ਟਾਚਾਰ ਵਿਰੋਧੀ ਸੁਨੇਹੇ ਅਤੇ ਸਿਆਸੀ ਸੱਭਿਆਚਾਰ ’ਚ ਬਦਲਾਅ ਦੇ ਉਨ੍ਹਾ ਦੇ ਵਾਅਦੇ ਨੇ ਨੌਜਵਾਨ ਵੋਟਰਾਂ ਨੂੰ ਕਾਫੀ ਪ੍ਰਭਾਵਤ ਕੀਤਾ, ਜੋ ਆਰਥਕ ਸੰਕਟ ਦੇ ਝੰਬੇ ਦੇਸ਼ ’ਚ ਬਦਲਾਅ ਦੀ ਮੰਗ ਕਰ ਰਹੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀ ਵਧਾਈ ਦੇ ਜਵਾਬ ਵਿਚ ਦੀਸਾਨਾਇਕੇ ਨੇ ਐੱਕਸ ’ਤੇ ਪੋਸਟ ਕੀਤਾ ਹੈਧੰਨਵਾਦ ਪ੍ਰਧਾਨ ਮੰਤਰੀ ਮੋਦੀ, ਸਨੇਹ-ਭਰੇ ਸ਼ਬਦਾਂ ਤੇ ਹਮਾਇਤ ਲਈ।
ਮੈਂ ਦੋਹਾਂ ਰਾਸ਼ਟਰਾਂ ਵਿਚਾਲੇ ਸੰਬੰਧ ਮਜ਼ਬੂਤ ਕਰਨ ਲਈ ਤੁਹਾਡੀ ਪ੍ਰਤੀਬੱਧਤਾ ਵਿਚ ਸ਼ਾਮਲ ਹਾਂ। ਅਸੀਂ ਰਲ ਕੇ ਆਪਣੇ ਲੋਕਾਂ ਤੇ ਸਮੁੱਚੇ ਖਿੱਤੇ ਦੇ ਭਲੇ ਹਿੱਤ ਮਿਲਵਰਤਨ ਵਧਾਉਣ ਲਈ ਕੰਮ ਕਰ ਸਕਦੇ ਹਾਂ।