ਚੰਡੀਗੜ੍ਹ (ਕਿ੍ਰਸ਼ਨ ਗਰਗ)
ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਮਹਿਜ਼ 30 ਮਹੀਨਿਆਂ ਵਿੱਚ ਨੌਜਵਾਨਾਂ ਨੂੰ 45560 ਸਰਕਾਰੀ ਨੌਕਰੀਆਂ ਪ੍ਰਦਾਨ ਕਰਕੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ ਹੈ।
ਟੈਗੋਰ ਥੀਏਟਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਰਫੋਂ ਸਿਹਤ ਤੇ ਪਰਵਾਰ ਭਲਾਈ ਵਿਭਾਗ ਵਿੱਚ ਨਵੇਂ ਭਰਤੀ ਹੋਏ 586 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਸਿਹਤ ਤੇ ਪਰਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਨੂੰ ਵੱਡੀ ਪ੍ਰਾਪਤੀ ਦੱਸਿਆ, ਜੋ ਨੌਜਵਾਨਾਂ ਦੀ ਤਕਦੀਰ ਬਦਲਣ ਵਿੱਚ ਅਹਿਮ ਸਿੱਧ ਹੋਵੇਗੀ। ਉਨ੍ਹਾ ਕਿਹਾ ਕਿ ‘ਮਿਸ਼ਨ ਰੁਜ਼ਗਾਰ’ ਨੌਜਵਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਸੂਬਾ ਸਰਕਾਰ ਦੀ ਦਿ੍ਰੜ ਵਚਨਬੱਧਤਾ ਨੂੰ ਦਰਸਾਉਦਾ ਹੈ।
ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੜਾਅਵਾਰ 1390 ਡਾਕਟਰਾਂ ਦੀਆਂ ਅਸਾਮੀਆਂ ਭਰੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਪਹਿਲੇ ਪੜਾਅ ਵਿੱਚ 400 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ 435 ਹਾਊਸ ਸਰਜਨਾਂ ਦੀ ਨਿਯੁਕਤੀ ਵੀ ਪ੍ਰਕਿਰਿਆ ਅਧੀਨ ਹੈ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿਹਤ ਵਿਭਾਗ ਵਿੱਚ ਮੰਗਲਵਾਰ ਭਰਤੀ ਹੋਏ 586 ਉਮੀਦਵਾਰਾਂ ਸਮੇਤ ਕੁੱਲ 1910 ਨਵੇਂ ਉਮੀਦਵਾਰਾਂ ਦੀ ਭਰਤੀ ਕੀਤੀ ਗਈ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਨਵੀਂ ਭਰਤੀ ਤਹਿਤ ਮਲਟੀਪਰਪਜ਼ ਹੈੱਲਥ ਵਰਕਰਾਂ (ਮਹਿਲਾਵਾਂ) ਦੀਆਂ ਕੁੱਲ 986 ਰੈਗੂਲਰ ਭਰਤੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 586 ਵਿਭਾਗ ਵਿੱਚ ਜੁਆਇਨ ਕਰ ਰਹੇ ਹਨ, ਜਦੋਂਕਿ 428 ਹੋਰ ਉਮੀਦਵਾਰਾਂ ਨੂੰ ਜਲਦ ਹੀ ਨਿਯੁਕਤੀ ਪੱਤਰ ਸੌਂਪੇ ਜਾਣਗੇ।ਉਹਨਾ ਦੱਸਿਆ ਕਿ ਸੂਬੇ ਵਿੱਚ 30 ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਹੋਣ ਦੇ ਨਾਲ ਹੀ 30 ਮਹੀਨਿਆਂ ਵਿੱਚ ਕਲੀਨਿਕਾਂ ਦੀ ਕੁੱਲ ਗਿਣਤੀ 872 ਹੋ ਗਈ ਹੈ ਅਤੇ 2 ਕਰੋੜ ਤੋਂ ਵੱਧ ਲੋਕ ਇਨ੍ਹਾਂ ਕਲੀਨਿਕਾਂ ਤੋਂ ਆਪਣਾ ਇਲਾਜ ਕਰਵਾ ਚੁੱਕੇ ਹਨ।





