ਨਵੀਂ ਦਿੱਲੀ : ਦਿੱਲੀ ਅਰਬਨ ਆਰਟਸ ਕਮਿਸ਼ਨ ਨੇ ਕੌਮੀ ਰਾਜਧਾਨੀ ਦੇ ਝੰਡੇਵਾਲਾਨ ਇਲਾਕੇ ਵਿਚ ਆਰ ਐੱਸ ਐੱਸ ਦੇ ਨਵੇਂ 12 ਮੰਜ਼ਲਾ ਹੈੱਡਕੁਆਰਟਰ ਨੂੰ ਨੋ-ਆਬਜੈਕਸ਼ਨ ਸਰਟੀਫਿਕੇਟ (ਐੱਨ ਓ ਸੀ) ਦੇ ਦਿੱਤਾ ਹੈ। ਕਮਿਸ਼ਨ ਨੇ ਕੇਸ਼ਵ ਕੁੰਜ ਨਾਂਅ ਦੇ ਹੈੱਡਕੁਆਰਟਰ ਨੂੰ ਐੱਨ ਓ ਸੀ ਦੇਣ ਬਾਰੇ ਇਕ ਅਗਸਤ ਦੀ ਬੈਠਕ ਵਿਚ ਵਿਚਾਰ ਕੀਤੀ ਸੀ, ਪਰ ਦਸਤਾਵੇਜ਼ਾਂ ਦੀ ਘਾਟ ਕਾਰਨ ਐੱਨ ਓ ਸੀ ਨਹੀਂ ਦਿੱਤੀ ਸੀ। 29 ਅਗਸਤ ਦੀ ਬੈਠਕ ਵਿਚ ਸਰਟੀਫਿਕੇਟ ਦੇਣ ਨੂੰ ਮਨਜ਼ੂਰੀ ਦੇ ਦਿੱਤੀ। ਹੁਣ ਛੇਤੀ ਹੀ ਇਸ ਦਾ ਉਦਘਾਟਨ ਕੀਤਾ ਜਾ ਸਕਦਾ ਹੈ। ਹੈੱਡਕੁਆਰਟਰ ਦੀਆਂ ਇਮਾਰਤਾਂ ਕਰੀਬ ਢਾਈ ਏਕੜ ਰਕਬੇ ਵਿਚ ਨਵੇਂ ਸਿਰਿਓਂ ਬਣਾਈਆਂ ਗਈਆਂ ਹਨ। ਪਹਿਲਾਂ ਵੀ ਦਫਤਰ ਇੱਥੇ ਹੀ ਹੁੰਦਾ ਸੀ, ਹੁਣ ਇੱਥੇ ਤਿੰਨ ਟਾਵਰ ਬਣਾਏ ਗਏ ਹਨ ਤੇ ਹਰ ਟਾਵਰ ਵਿਚ ਗਰਾਉਂਡ ਫਲੋਰ ਪਲੱਸ 12 ਫਲੋਰ ਹਨ। ਪਹਿਲੇ ਤੇ ਦੂਜੇ ਟਾਵਰ ਵਿਚ ਪੰਜ-ਪੰਜ ਤੇ ਤੀਜੇ ਵਿਚ ਤਿੰਨ ਲਿਫਟਾਂ ਹਨ। ਹਰ ਟਾਵਰ ਵਿਚ ਇਕ ਸਰਵਿਸ ਲਿਫਟ ਵੀ ਹੈ। ਇਕ ਹਨੂੰਮਾਨ ਮੰਦਰ ਤੇ 20 ਬੈੱਡ ਦਾ ਹਸਪਤਾਲ ਵੀ ਬਣਾਇਆ ਗਿਆ ਹੈ। 200 ਤੋਂ ਵੱਧ ਗੱਡੀਆਂ ਪਾਰਕ ਹੋ ਸਕਣਗੀਆਂ। ਗਿਆਰਵੀਂ ਮੰਜ਼ਲ ’ਤੇ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਦੀ ਰਿਹਾਇਸ਼ ਹੋਵੇਗੀ। ਭਾਜਪਾ ਨੂੰ ਆਰ ਐੱਸ ਐੱਸ ਦੀ ‘ਔਲਾਦ’ ਮੰਨਿਆ ਜਾਂਦਾ ਹੈ, ਜਿਹੜੀ ਦੇਸ਼ ’ਤੇ 10 ਸਾਲ ਤੋਂ ਵੱਧ ਸਮੇਂ ਤੋਂ ਰਾਜ ਕਰ ਰਹੀ ਹੈ।