ਬੇਂਗਲੁਰੂ : ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੂੰ ਝਟਕਾ ਦਿੰਦਿਆਂ ਕਰਨਾਟਕ ਹਾਈ ਕੋਰਟ ਨੇ ਮੰਗਲਵਾਰ ਉਨ੍ਹਾ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ, ਜਿਸ ਵਿਚ ਉਨ੍ਹਾ ਥਾਵਾਂ ਦੀ ਅਲਾਟਮੈਂਟ ਦੇ ਇਕ ਮਾਮਲੇ ਵਿਚ ਆਪਣੇ ਖਿਲਾਫ ਜਾਂਚ ਕਰਨ ਦੀ ਸੂਬੇ ਦੇ ਰਾਜਪਾਲ ਥਾਵਰ ਚੰਦ ਗਹਿਲੋਤ ਵੱਲੋਂ ਦਿੱਤੀ ਗਈ ਮਨਜ਼ੂਰੀ ਨੂੰ ਚੁਣੌਤੀ ਦਿੱਤੀ ਸੀ। ਰਾਜਪਾਲ ਨੇ ਮੁੱਖ ਮੰਤਰੀ ਦੀ ਪਤਨੀ ਨੂੰ ਮੈਸੂਰ ਅਰਬਨ ਡਿਵੈੱਲਪਮੈਂਟ ਅਥਾਰਿਟੀ (ਮੂਡਾ) ਵੱਲੋਂ ਅਹਿਮ ਖੇਤਰ ਵਿਚ 14 ਥਾਵਾਂ ਅਲਾਟ ਕੀਤੇ ਜਾਣ ਦੇ ਮਾਮਲੇ ਵਿਚ ਸਿੱਧਾਰਮਈਆ ਖਿਲਾਫ ਜਾਂਚ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਫੈਸਲਾ ਸੁਣਾਉਂਦਿਆਂ ਜਸਟਿਸ ਨਾਗਪ੍ਰਸੰਨਾ ਨੇ ਕਿਹਾਪਟੀਸ਼ਨ ਵਿਚ ਜਿਨ੍ਹਾਂ ਤੱਥਾਂ ਦੀ ਜਾਣਕਾਰੀ ਦਿੱਤੀ ਗਈ ਹੈ, ਬਿਨਾਂ ਸ਼ੱਕ ਉਨ੍ਹਾਂ ਦੀ ਤਫਤੀਸ਼ ਦੀ ਲੋੜ ਹੈ, ਖਾਸਕਰ ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਕਿ ਇਨ੍ਹਾਂ ਸਾਰੀਆਂ ਕਾਰਵਾਈਆਂ ਦਾ ਲਾਭਪਾਤਰੀ ਹੋਰ ਕੋਈ ਨਹੀਂ, ਸਗੋਂ ਪਟੀਸ਼ਨਰ ਦਾ ਪਰਵਾਰ ਹੈ। ਇਸ ਲਈ ਪਟੀਸ਼ਨ ਨੂੰ ਰੱਦ ਕੀਤਾ ਜਾਂਦਾ ਹੈ।