ਸ੍ਰੀਨਗਰ : ਜੰਮੂ-ਕਸ਼ਮੀਰ ਅਸੰਬਲੀ ਚੋਣਾਂ ਦੇ ਦੂਜੇ ਗੇੜ ’ਚ 26 ਸੀਟਾਂ ਲਈ ਸ਼ਾਮ 5 ਵਜੇ ਤੱਕ 54 ਫੀਸਦੀ ਪੋਲਿੰਗ ਹੋਈ। ਹੱਬਾਕਦਲ ਵਿਚ ਸਭ ਤੋਂ ਘੱਟ 15 ਫੀਸਦੀ ਤੇ ਪੁਣਛ-ਹਵੇਲੀ ਵਿਚ ਸਭ ਤੋਂ ਵੱਧ 75 ਫੀਸਦੀ ਪੋਲਿੰਗ ਹੋਈ। ਵੋਟਿੰਗ ਵਧਣੀ ਸੀ, ਕਿਉਕਿ ਜਿਹੜੇ ਵੋਟਰ ਬੂਥਾਂ ਦੇ ਅਹਾਤਿਆਂ ਦੇ ਅੰਦਰ ਆ ਗਏ ਸਨ, ਉਨ੍ਹਾਂ ਛੇ ਵਜੇ ਤੱਕ ਵੋਟ ਪਾਉਣੀ ਸੀ। ਇਸ ਤੋਂ ਪਹਿਲਾਂ 18 ਸਤੰਬਰ ਨੂੰ ਪਹਿਲੇ ਗੇੜ ਵਿਚ 61.38 ਫੀਸਦੀ ਪੋਲਿੰਗ ਹੋਈ ਸੀ।
ਪੋਲਿੰਗ ਦੌਰਾਨ 16 ਮੁਲਕਾਂ ਦੇ ਡਿਪਲੋਮੈਟਾਂ ਨੇ ਚੋਣ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਹ ਪਹਿਲਾਂ ਬਡਗਾਮ ਜ਼ਿਲ੍ਹੇ ਦੇ ਓਮਰਪੋਰਾ ਗਿਆ ਅਤੇ ਫਿਰ ਲਾਲ ਚੌਕ ਹਲਕੇ ਵਿਚ ਅਮੀਰਾ ਕਦਲ, ਐੱਸ ਪੀ ਕਾਲਜ, ਚਿਨਾਰ ਬਾਗ ਆਦਿ ਥਾਵਾਂ ’ਤੇ ਗਏ। ਇਨ੍ਹਾਂ ’ਚ ਅਮਰੀਕਾ, ਮੈਕਸੀਕੋ, ਗੁਯਾਨਾ, ਦੱਖਣੀ ਕੋਰੀਆ, ਸੋਮਾਲੀਆ, ਪਨਾਮਾ, ਸਿੰਗਾਪੁਰ, ਨਾਇਜੀਰੀਆ, ਸਪੇਨ, ਦੱਖਣੀ ਅਫਰੀਕਾ, ਨਾਰਵੇ, ਤਨਜਾਨੀਆ, ਰਵਾਂਡਾ, ਅਲਜੀਰੀਆ ਅਤੇ ਫਿਲਪੀਨਜ਼ ਦੇ ਦਿੱਲੀ ਸਥਿਤ ਸਫਾਰਤਖਾਨਿਆਂ ਦੇ ਡਿਪਲੋਮੈਟ ਸ਼ਾਮਲ ਸਨ।
ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਡਿਪਲੋਮੈਟਾਂ ਨੂੰ ਸੱਦਣ ਦੀ ਕੇਂਦਰ ਸਰਕਾਰ ਦੀ ਕਾਰਵਾਈ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਉਨ੍ਹਾ ਕਿਹਾਮੈਨੂੰ ਨਹੀਂ ਪਤਾ ਕਿ ਵਿਦੇਸ਼ੀਆਂ ਨੂੰ ਕਿਉਂ ਜੰਮੂ-ਕਸ਼ਮੀਰ ਦੀਆਂ ਚੋਣਾਂ ਦੇਖਣ ਲਈ ਸੱਦਿਆ ਗਿਆ ਹੈ। ਜਦੋਂ ਵਿਦੇਸ਼ੀ ਸਰਕਾਰਾਂ ਕੋਈ ਟਿੱਪਣੀ (ਜੰਮੂ-ਕਸ਼ਮੀਰ ਬਾਰੇ) ਕਰਦੀਆਂ ਹਨ ਤਾਂ ਭਾਰਤ ਸਰਕਾਰ ਕਹਿੰਦੀ ਹੈ ਕਿ ‘ਇਹ ਭਾਰਤ ਦਾ ਅੰਦਰੂਨੀ ਮਾਮਲਾ’ ਹੈ ਤਾਂ ਹੁਣ ਅਚਾਨਕ ਉਹ ਚਾਹੁੰਦੀ ਹੈ ਕਿ ਵਿਦੇਸ਼ੀ ਦਰਸ਼ਕ ਆਣ ਕੇ ਸਾਡੀਆਂ ਚੋਣਾਂ ਨੂੰ ਦੇਖਣ।
ਉਨ੍ਹਾ ਕਿਹਾਜੰਮੂ-ਕਸ਼ਮੀਰ ਚੋਣਾਂ ਵੀ ਸਾਡੇ ਲਈ ਇਕ ਅੰਦਰੂਨੀ ਮਾਮਲਾ ਹਨ ਅਤੇ ਸਾਨੂੰ ਇਸ ਬਾਰੇ ਉਨ੍ਹਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਚੋਣਾਂ ਵਿਚ ਲੋਕਾਂ ਦੀ ਇਹ ਭਾਰੀ ਸ਼ਮੂਲੀਅਤ ਭਾਰਤ ਸਰਕਾਰ ਕਾਰਨ ਨਹੀਂ ਹੈ, ਇਹ ਭਾਰਤ ਸਰਕਾਰ ਨੇ ਜੋ ਕੁਝ ਕੀਤਾ ਹੈ, ਉਸ ਸਭ ਦੇ ਬਾਵਜੂਦ ਹੈ। ਇਸ ਲਈ ਇਹ ਅਜਿਹਾ ਕੁਝ ਨਹੀਂ ਹੈ, ਜਿਸ ਨੂੰ ਭਾਰਤ ਸਰਕਾਰ ਵਧਾ-ਚੜ੍ਹਾ ਕੇ ਦਿਖਾਵੇ।