ਨਵੀਂ ਦਿੱਲੀ : ਪੈਰਾਸਿਟਾਮੋਲ ਸਣੇ 53 ਦਵਾਈਆਂ ਕੁਆਲਿਟੀ ਟੈੱਸਟ ’ਚ ਫੇਲ੍ਹ ਰਹੀਆਂ ਹਨ। ਇਨ੍ਹਾਂ ਵਿਚ ਵਿਟਾਮਿਨ, ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਦੇ ਇਲਾਵਾ ਐਂਟੀਬਾਇਓਟਿਕਸ ਵੀ ਸ਼ਾਮਲ ਹਨ। ਦੇਸ਼ ਦੀ ਸਭ ਤੋਂ ਵੱਡੀ ਡਰੱਗ ਰੈਗੂਲੇਟਰੀ ਬਾਡੀ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਫੇਲ੍ਹ ਹੋਈਆਂ ਦਵਾਈਆਂ ਦੀ ਲਿਸਟ ਜਾਰੀ ਕੀਤੀ ਹੈ। ਲਿਸਟ ਵਿਚ ਕੈਲਸ਼ੀਅਮ ਤੇ ਵਿਟਾਮਿਨ ਡੀ 3 ਸਪਲੀਮੈਂਟਸ, ਐਂਟੀ ਬਾਇਓਟਿਕਸ ਦੀਆਂ ਗੋਲੀਆਂ ਤੇ ਹਾਈ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਸ਼ਾਮਲ ਹਨ।
ਬੈਨ ਕੀਤੀਆਂ ਗਈਆਂ ਦਵਾਈਆਂ ਦੀ ਲਿਸਟ ਵਿਚ ਦੌਰੇ ਤੇ ਐਨਜ਼ਾਈਟੀ ਵਿਚ ਇਸਤੇਮਾਲ ਕੀਤੀ ਜਾਣ ਵਾਲੀ ਕਲੋਨਾਜ਼ੇਪਾਮ ਟੈਬਲੇਟ, ਦਰਦ ਨਿਵਾਰਕ ਡਿਕਲੋਫੇਨਾਕ, ਸਾਹ ਦੀ ਬਿਮਾਰੀ ਲਈ ਇਸਤੇਮਾਲ ਹੋਣ ਵਾਲੀ ਐਂਬ੍ਰਾਕਸੋਲ, ਐਂਟੀ ਫੰਗਲ ਫਲੁਕੋਨਾਜੋਲ ਤੇ ਕੁਝ ਮਲਟੀ ਵਿਟਾਮਿਨ ਤੇ ਕੈਲਸ਼ੀਅਮ ਦੀਆਂ ਗੋਲੀਆਂ ਵੀ ਹਨ। ਇਹ ਦਵਾਈਆਂ ਹੇਟੇਰੋ ਡਰੱਗਜ਼, ਅਲਕੇਮ ਲੈਬਾਰਟ੍ਰੀਜ਼, ਹਿੰਦੁਸਤਾਨ ਐਂਟੀਬਾਇਓਟਿਕਸ ਲਿਮਟਿਡ, ਕਰਨਾਟਕ ਐਂਟੀ ਬਾਇਓਟਿਕਸ ਐਂਡ ਫਾਰਮਾਸਿਊਟੀਕਲ ਲਿਮਟਿਡ ਵਰਗੀਆਂ ਵੱਡੀਆਂ ਕੰਪਨੀਆਂ ਵੱਲੋਂ ਬਣਾਈਆਂ ਜਾਂਦੀਆਂ ਹਨ।
ਪੇਟ ਦੀ ਇਨਫੈਕਸ਼ਨ ਲਈ ਦਿੱਤੀ ਜਾਣ ਵਾਲੀ ਮੈਟ੍ਰੋਨਿਡਾਜ਼ੋਲ ਵੀ ਜਾਂਚ ਵਿਚ ਫੇਲ੍ਹ ਰਹੀ ਹੈ, ਜੋ ਹਿੰਦੁਸਤਾਨ ਐਂਟੀ ਬਾਇਓਟਿਕਸ ਲਿਮਟਿਡ ਬਣਾਉਦੀ ਹੈ। ਟਾਰੈਂਟ ਫਾਰਮਾਸਿਊਟੀਕਲਜ਼ ਦੇ ਸ਼ੇਲਕਾਲ ਟੇਬਲੈੱਟ ਵੀ ਫੇਲ੍ਹ ਹੋ ਗਏ ਹਨ।
53 ਵਿੱਚੋਂ ਪੰਜ ਦਵਾਈਆਂ ਨਕਲੀ ਸਨ, ਕਿਉਕਿ ਦਵਾ ਕੰਪਨੀਆਂ ਨੇ ਕਿਹਾ ਕਿ ਇਹ ਉਨ੍ਹਾਂ ਦੀਆਂ ਦਵਾਈਆਂ ਨਹੀਂ ਹਨ, ਸਗੋਂ ਮਾਰਕਿਟ ਵਿਚ ਉਨ੍ਹਾਂ ਦੇ ਨਾਂਅ ’ਤੇ ਨਕਲੀ ਦਵਾਈਆਂ ਵੇਚੀਆਂ ਜਾ ਰਹੀਆਂ ਹਨ।