ਭਿੱਖੀਵਿੰਡ : ਸ਼ਹੀਦ ਏ ਆਜ਼ਮ ਭਗਤ ਦੇ ਵਿਚਾਰ ਜਦੋਂ ਹਿੰਦੁਸਤਾਨ ਵਿੱਚ ਲਾਗੂ ਹੋ ਗਏ, ਉਦੋਂ ਹਰੇਕ ਵਿਅਕਤੀ ਕੋਲ ਰੁਜ਼ਗਾਰ ਭਾਵ ਸਰਕਾਰੀ ਨੌਕਰੀ ਹੋਵੇਗੀ | ਹਰੇਕ ਵਿਅਕਤੀ ਕੋਲ ਘਰ ਹੋਵੇਗਾ, ਹਰੇਕ ਬੱਚੇ ਨੂੰ ਜ਼ਰੂਰੀ ਤੇ ਲਾਜ਼ਮੀ ਵਿਦਿਆ ਮਿਲੇਗੀ ਅਤੇ ਹਰੇਕ ਮਨੁੱਖ ਨੂੰ ਮੁਫਤ ਸਿਹਤ ਸਹੂਲਤ ਹੋਵੇਗੀ |’ ਇਹ ਵਿਚਾਰ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਸੂਬਾ ਸਕੱਤਰੇਤ ਮੈਂਬਰ ਦੇਵੀ ਕੁਮਾਰੀ ਨੇ ਭਿੱਖੀਵਿੰਡ ਵਿਖੇ ਭਗਤ ਸਿੰਘ ਦੇ ਜਨਮ ਦਿਹਾੜਾ ਸਮਾਗਮ ਵਿੱਚ ਰੱਖੇ | ਪ੍ਰੋਗਰਾਮ ਦੀ ਪ੍ਰਧਾਨਗੀ ਪਰਮਜੀਤ ਕੌਰ ਮਾੜੀਮੇਘਾ, ਟਹਿਲ ਸਿੰਘ ਲੱਧੂ ਤੇ ਨਿਸ਼ਾਨ ਸਿੰਘ ਵਾਂ ਨੇ ਕੀਤੀ | ਆਗੂਆਂ ਨੇ ਕਿਹਾ ਕਿ ਭਗਤ ਸਿੰਘ ਇਕੱਲਾ ਕੁਰਬਾਨੀ ਦਾ ਹੀ ਚਿੰਨ੍ਹ ਨਹੀਂ, ਉਸ ਨੇ ਸਮਾਜ ਨੂੰ ਖੁਸ਼ਹਾਲ ਬਣਾਉਣ ਵਾਸਤੇ ਆਪਣੇ ਵੱਡਮੁਲੇ ਵਿਚਾਰ ਆਵਾਮ ਨੂੰ ਦਿੱਤੇ ਹਨ | ਅਜੋਕੇ ਸਮੇਂ ਦੌਰਾਨ ਮੌਜੂਦਾ ਹਾਕਮ ਧਿਰਾਂ ਭਗਤ ਸਿੰਘ ਦੀ ਕੁਰਬਾਨੀ ਦੀ ਬਾਤ ਤਾਂ ਪਾਉਂਦੀਆਂ ਹਨ, ਪਰ ਉਸ ਮਹਾਨ ਇਨਕਲਾਬੀ ਦੇ ਵਿਚਾਰਾਂ ਦਾ ਦੇਸ਼ ਬਣਾਉਣ ਦੀ ਕਸਮ ਨਹੀਂ ਖਾਂਦੀਆਂ | ਜਵਾਨੀ ਨੂੰ ਭਗਤ ਸਿੰਘ ਵਰਗਾ ਬਣਨ ਦੀ ਪ੍ਰੇਰਨਾ ਤਾਂ ਦਿੰਦੀਆਂ ਹਨ, ਪਰ ਉਸ ਦੇ ਵਿਚਾਰ ਜਾਨਣ ਲਈ ਨੂੰ ਸੁਨੇਹਾ ਨਹੀਂ ਦਿੰਦੀਆਂ | ਭਗਤ ਸਿੰਘ ਦੇ ਵਿਚਾਰਾਂ ਦਾ ਭਾਰਤ ਨਾ ਬਣਨ ਕਰਕੇ ਹੀ ਅੱਜ ਸਾਡਾ ਦੇਸ਼ ਦੁਨੀਆ ਵਿੱਚ ਗਰੀਬ ਦੇਸ਼ਾਂ ਦੀ ਕਤਾਰ ਵਿੱਚ ਗਿਣਿਆ ਜਾਂਦਾ ਹੈ, ਜਦੋਂ ਕਿ ਇਹੋ ਦੇਸ਼ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਦੁਨੀਆ ਵਿੱਚ ਸੋਨੇ ਦੀ ਚਿੜੀ ਕਰਕੇ ਜਾਣਿਆ ਜਾਂਦਾ ਸੀ | ਵਾਕਿਆ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਹਿੰਦ ਦਾ ਵਪਾਰ ਦੁਨੀਆ ਵਿੱਚ ਪ੍ਰਸਿੱਧ ਸੀ ਤੇ ਵਪਾਰ ਰਾਹੀਂ ਸਾਰੀ ਦੁਨੀਆ ਦਾ ਸੋਨਾ ਭਾਰਤ ਕੋਲ ਪਹੁੰਚ ਚੁੱਕਾ ਸੀ | ਸਾਰੀ ਦੁਨੀਆ ਨਾਲੋਂ ਵੱਧ ਸਾਡੇ ਕੋਲ ਸਮੁੰਦਰੀ ਜਹਾਜ਼ ਸਨ, ਜਿਨ੍ਹਾਂ ਰਾਹੀਂ ਵਪਾਰ ਹੁੰਦਾ ਸੀ | ਵਪਾਰ ਵੀ ਮੁੱਖ ਤੌਰ ‘ਤੇ ਸਾਡੀ ਫਸਲ ਦਾ ਹੁੰਦਾ ਸੀ, ਕਿਉਂਕਿ ਸਾਡੇ ਦੇਸ਼ ਵਰਗੀ ਧਰਤੀ ਹੋਰ ਕਿਸੇ ਦੇਸ਼ ਵਿੱਚ ਨਹੀ | ਇਥੇ ਫਸਲਾਂ ਪੈਦਾ ਕਰਨ ਲਈ ਮੌਸਮ ਖੁਸ਼ਗਵਾਰ ਹੈ, ਜਿਹੜਾ ਕਿ ਹੋਰ ਕਿਸੇ ਦੇਸ਼ ਵਿੱਚ ਨਹੀਂ | ਇਸ ਲਈ ਸਾਡੇ ਅਵਾਮ ਨੂੰ ਆਪਣੀ ਸੋਨੇ ਵਰਗੀ ਧਰਤੀ ਮਾਂ ਬਚਾਉਣ ਵਾਸਤੇ ਸੁਚੇਤ ਰਹਿਣਾ ਹੋਵੇਗਾ |
ਆਗੂਆਂ ਕਿਹਾ ਕਿ ਸੀ ਪੀ ਆਈ ਪੰਜਾਬ ਦੇ ਫੈਸਲੇ ਅਨੁਸਾਰ ਪੰਜਾਬ ਭਰ ਵਿੱਚ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ | ਇਸ ਵੇਲੇ ਬਲਾਕ ਤੇ ਜ਼ਿਲਿ੍ਹਆਂ ਦੀਆਂ ਜਨਰਲ ਬਾਡੀ ਮੀਟਿੰਗਾਂ ਚੱਲ ਰਹੀਆਂ ਹਨ | ਇਸ ਤੋਂ ਬਾਅਦ ਪੰਜਾਬ ਵਿੱਚ ਇਲਾਕੇ ਪੱਧਰ ਦੀਆਂ ਪੰਜ ਰੈਲੀਆਂ ਹੋਣਗੀਆਂ | ਮਾਝੇ ਦੀ ਰੈਲੀ ਦਸੰਬਰ ਦੇ ਪਹਿਲੇ ਹਫਤੇ ਅੰਮਿ੍ਤਸਰ ਵਿਖੇ ਹੋਵੇਗੀ | ਇਸ ਮੌਕੇ ਇੱਕ ਵਿਸ਼ੇਸ਼ ਮਤਾ ਪਾਸ ਕੀਤਾ ਗਿਆ ਕਿ ਪੰਜਾਬ ‘ਚੋਂ ਬਰੈਂਪਟਨ (ਕੈਨੇਡਾ) ਗਏ ਨੌਜਵਾਨ ਕਿਰਤ ਲਈ ਸੰਘਰਸ਼ ਕਰ ਰਹੇ ਹਨ | ਕੈਨੇਡਾ ਦੀ ਹਕੂਮਤ ਨੇ ਬੈਂਡ ਦੇ ਨੰਬਰ ਵਧਾ ਦਿੱਤੇ ਹਨ, ਜਿਸ ਕਰਕੇ ਉਨ੍ਹਾਂ ਨੂੰ ਓਧਰ ਵਰਕ ਪਰਮਿਟ ਨਹੀਂ ਮਿਲ ਰਿਹਾ | ਇਸ ਲਈ ਪੰਜਾਬ ਸਰਕਾਰ ਕੈਨੇਡਾ ਹਕੂਮਤ ਨਾਲ ਗੱਲ ਕਰਕੇ ਵਰਕ ਪਰਮਿਟ ਉਨ੍ਹਾਂ ਬੱਚਿਆਂ ਨੂੰ ਦਿਵਾਏ |
ਪੰਜਾਬ ਇਸਤਰੀ ਸਭਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ ਨੇ ਕਿਹਾ ਕਿ ਭਗਤ ਸਿੰਘ ਦੇ ਵਿਚਾਰਾਂ ਦਾ ਸਮਾਜ ਬਣਾਉਣ ਲਈ ਸਾਡੇ ਘਰਾਂ ਦੀ ਚਾਰਦੀਵਾਰੀ ਵਿੱਚ ਕੈਦ ਕੀਤੀਆਂ ਔਰਤਾਂ ਨੂੰ ਵੀ ਬਾਹਰ ਮੈਦਾਨ ਵਿੱਚ ਲਿਆਉਣਾ ਪਵੇਗਾ, ਕਿਉਂਕਿ ਦੇਸ਼ ਦੀ ਵਸੋਂ ਦਾ ਅੱਧ ਔਰਤਾਂ ਹਨ | ਜੇ ਅੱਧੀ ਵਸੋਂ ਸੰਘਰਸ਼ਾਂ ਵਿੱਚ ਆਵੇ ਹੀ ਨਾ ਤਾਂ ਭਗਤ ਸਿੰਘ ਦੀ ਸੋਚ ਦਾ ਇਨਕਲਾਬ ਕਿਸ ਤਰ੍ਹਾਂ ਆਵੇਗਾ | ਇਸ ਲਈ ਪਿੰਡ-ਪਿੰਡ ਔਰਤਾਂ ਦੀਆਂ ਮੀਟਿੰਗਾਂ ਕਰਾਉਣ ਅਸੀਂ ਪਹੁੰਚਾਂਗੀਆਂ | ਆਗੂਆਂ ਕਿਹਾ ਕਿ ਪਾਰਲੀਮੈਂਟ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਬਣਨ ਨਾਲ ਹੀ 18 ਸਾਲ ਦੀ ਉਮਰ ਤੋਂ ਹਰੇਕ ਕੁੜੀ-ਮੁੰਡੇ ਨੂੰ ਰੁਜ਼ਗਾਰ ਮਿਲੇਗਾ | ਰੁਜ਼ਗਾਰ ਮਿਲਣ ਨਾਲ ਘਰਾਂ ਵਿੱਚ ਖੁਸ਼ਹਾਲੀ ਪਰਤੇਗੀ | ਜਦੋਂ ਕੁੜੀਆਂ ਨੂੰ ਰੁਜ਼ਗਾਰ ਮਿਲੇਗਾ ਤਾਂ ਉਨ੍ਹਾਂ ਦੀ ਫਖਰ ਨਾਲ ਧੌਣ ਉੱਚੀ ਹੋਵੇਗੀ | ਉਹ ਦਿਮਾਗੀ ਤੇ ਜਿਸਮਾਨੀ ਤੌਰ ‘ਤੇ ਤਕੜੀਆਂ ਹੋਣਗੀਆਂ | ਫਿਰ ਉਹ ਬਲਾਤਕਾਰ ਵਰਗੇ ਵਰਤਾਰਿਆਂ ਦਾ ਆਪ ਡਟ ਕੇ ਮੁਕਾਬਲਾ ਕਰਨਗੀਆਂ, ਭਾਵ ਬਲਾਤਕਾਰੀ ਵਰਤਾਰਾ ਖਤਮ ਹੋ ਜਾਵੇਗਾ | ਇਹ ਵਰਤਾਰਾ ਗਰੀਬੀ ‘ਚੋਂ ਪਨਪਿਆ ਹੈ ਤੇ ਖੁਸ਼ਹਾਲੀ ਨਾਲ ਹੀ ਖਤਮ ਹੋਵੇਗਾ | ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ ਨੇ ਕਿਹਾ ਕਿ ਭਾਜਪਾ ਦੀ ਹਕੂਮਤ ਕਿਸਾਨਾਂ ਕੋਲੋਂ ਜ਼ਮੀਨ ਖੋ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੇ ਰਾਹ ਤੁਰੀ ਹੈ | ਇਸ ਲਈ ਕਿਸਾਨਾਂ ਦਾ ਜਥੇਬੰਦ ਹੋਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਸੀ ਪੀ ਆਈ ਬਲਾਕ ਭਿੱਖੀਵਿੰਡ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ, ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਸੁਖਦੇਵ ਸਿੰਘ ਕਾਲਾ, ਸੁਖਦੇਵ ਸਿੰਘ ਕੋਟ ਧਰਮ ਚੰਦ, ਰਛਪਾਲ ਸਿੰਘ ਘੁਰਕਵਿੰਡ, ਵੀਰੋ ਸਾਂਡਪੁਰਾ ਤੇ ਹਰਚੰਦ ਸਿੰਘ ਭਗਵਾਨਪੁਰਾ ਨੇ ਵੀ ਸੰਬੋਧਨ ਕੀਤਾ |