ਕਾਨਪੁਰ : ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੂਜੇ ਕ੍ਰਿਕਟ ਟੈੱਸਟ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਇੱਥੇ ਗ੍ਰੀਨ ਪਾਰਕ ਸਟੇਡੀਅਮ ‘ਚ ਬੰਗਲਾਦੇਸ਼ੀ ਕਿ੍ਕਟ ਦੀਵਾਨੇ ‘ਟਾਈਗਰ ਰੌਬੀ’ ਨੂੰ ਦਰਸ਼ਕਾਂ ਨੇ ਕੁੱਟ ਦਿੱਤਾ ਤੇ ਉਸ ਨੂੰ ਹਸਪਤਾਲ ਲਿਜਾਣਾ ਪਿਆ | ਬੌਂਦਲੇ ਰੌਬੀ ਨੇ ਕਿਹਾ ਕਿ 15 ਕੁ ਦਰਸ਼ਕਾਂ ਨੇ ਉਸ ਦੀ ਪਿੱਠ ਤੇ ਪੇਟ ਤੋਂ ਹੇਠਾਂ ਵਾਰ ਕੀਤੇ ਤੇ ਉਸ ਨੂੰ ਸਾਹ ਆਉਣਾ ਔਖਾ ਹੋ ਗਿਆ |
ਖਬਰ ਏਜੰਸੀ ਪੀ ਟੀ ਆਈ ਵੱਲੋਂ ਪੋਸਟ ਕੀਤੀ ਵੀਡੀਓ ਵਿਚ ਰੌਬੀ ਬਹੁਤ ਪੀੜਾ ਵਿਚ ਨਜ਼ਰ ਆਇਆ ਤੇ ਉਸ ਦੇ ਬੋਲ ਨਹੀਂ ਨਿਕਲ ਰਹੇ ਸਨ | ਉਸ ਨੇ ਇਸ਼ਾਰਿਆਂ ਨਾਲ ਦੱਸਿਆ ਕਿ ਵਾਰ ਕਿੱਥੇ-ਕਿੱਥੇ ਕੀਤੇ ਗਏ |
ਸਟੇਡੀਅਮ ਵਿਚ ਤਾਇਨਾਤ ਪੁਲਸ ਵਾਲਿਆਂ ਨੇ ਰੌਬੀ ਦੇ ਦਾਅਵੇ ਨੂੰ ਝੁਠਲਾਉਂਦਿਆਂ ਕਿਹਾ ਕਿ ਰੌਬੀ ਸੀ ਬਲਾਕ ਨੇੜੇ ਔਖੇ ਸਾਹ ਲੈਂਦਾ ਦੇਖਿਆ ਗਿਆ ਤੇ ਉਸ ਕੋਲ ਬੋਲ ਨਹੀਂ ਹੋ ਰਿਹਾ ਸੀ | ਇਕ ਪੁਲਸ ਸੂਤਰ ਨੇ ਕਿਹਾ ਕਿ ਉਸ ਦੀ ਇਹ ਹਾਲਤ ਸਰੀਰ ਵਿਚ ਪਾਣੀ ਘਟਣ ਕਾਰਨ ਹੋਈ, ਨਾ ਕਿ ਦਰਸ਼ਕਾਂ ਨਾਲ ਪੰਗਾ ਪੈਣ ਕਰਕੇ |
‘ਇੰਡੀਅਨ ਐੱਕਸਪ੍ਰੈੱਸ’ ਅਖਬਾਰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਰੌਬੀ ਨੇ ਕਿਹਾ ਕਿ ਭੀੜ ਖੇਡ ਸ਼ੁਰੂ ਹੋਣ ਤੋਂ ਹੀ ਉਸ ਨੂੰ ਗਾਲ੍ਹਾਂ ਕੱਢ ਰਹੀ ਸੀ | ਜਦੋਂ ਲੰਚ ਬ੍ਰੇਕ ਹੋਈ ਤਾਂ ਉਸ ਨੇ ਨਜਮੁਲ ਸ਼ਾਂਤੋ ਤੇ ਮੋਮੀਨੁਲ ਹੱਕ ਨੂੰ ਹਾਕਾਂ ਮਾਰੀਆਂ | ਇਸੇ ਦੌਰਾਨ ਕੁਝ ਦਰਸ਼ਕ ਉਸ ਦੁਆਲੇ ਇਕੱਠੇ ਹੋ ਗਏ ਅਤ ਉਸ ਦਾ ਮਸਕਟ (ਟਾਈਗਰ) ਤੇ ਝੰਡਾ ਪਾੜਨ ਦੀ ਕੋਸ਼ਿਸ਼ ਕੀਤੀ | ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ | ਉਸ ਨੇ ਕਈ ਹਿੰਦੀ ਫਿਲਮਾਂ ਦੇਖੀਆਂ ਹਨ, ਇਸ ਕਰਕੇ ਉਸ ਨੂੰ ਗਾਲ੍ਹਾਂ ਦਾ ਪਤੈ | 2023 ਵਿਚ ਪੁਣੇ ‘ਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਵਨ ਡੇ ਵਰਲਡ ਕੱਪ ਮੈਚ ਦੌਰਾਨ ਵੀ ਮਸ਼ਹੂਰ ਬੰਗਲਾਦੇਸ਼ੀ ਕ੍ਰਿਕਟ ਦੀਵਾਨੇ ਸ਼ੋਏਬ ਅਲੀ ਬੁਖਾਰੀ ਉਰਫ ਟਾਈਗਰ ਸ਼ੋਏਬ ਨੂੰ ਭਾਰਤੀ ਦਰਸ਼ਕਾਂ ਨੇ ਨਿਸ਼ਾਨਾ ਬਣਾਇਆ ਸੀ | ਉਸ ਦਾ ਟਾਈਗਰ ਦਾ ਮਸਕਟ ਵੀ ਤੂੰਬਾ-ਤੂੰਬਾ ਕਰ ਦਿੱਤਾ ਸੀ |
ਬੰਗਲਾਦੇਸ਼ ਵਿਚ ਹਿੰਦੂਆਂ ‘ਤੇ ਕਥਿਤ ਅੱਤਿਆਚਾਰਾਂ ਖਿਲਾਫ ਹਿੰਦੂ ਮਹਾਂ ਸਭਾ ਵੱਲੋਂ ਪ੍ਰਦਰਸ਼ਨ ਦੀ ਧਮਕੀ ਕਾਰਨ ਕਾਨਪੁਰ ਦੇ ਸਟੇਡੀਅਮ ਵਿਚ ਸੁਰੱਖਿਆ ਵਧਾਈ ਗਈ ਸੀ, ਪਰ ਰੌਬੀ ਟਾਈਗਰ ਫਿਰ ਵੀ ਕੁੱਟਿਆ ਗਿਆ |