ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਹਰਿਆਣਾ ਦੇ ਅੰਬਾਲਾ ਵਿਚ ਚੋਣ ਰੈਲੀ ‘ਚ ਐਲਾਨਿਆ ਕਿ ਹਰਿਆਣਾ ਵਿਚ ਭਾਜਪਾ ਦੀ ਤੀਜੀ ਵਾਰ ਸਰਕਾਰ ਬਣਦੀ ਹੈ ਤਾਂ ਪੀ ਐੱਮ ਕਿਸਾਨ ਸਨਮਾਨ ਨਿਧੀ ਦੀ ਰਕਮ ਸਾਲਾਨਾ 6 ਹਜ਼ਾਰ ਰੁਪਏ ਤੋਂ ਵਧਾ ਕੇ 10 ਹਜ਼ਾਰ ਰੁਪਏ ਕਰ ਦਿੱਤੀ ਜਾਵੇਗੀ | ਆਯੂਸ਼ਮਾਨ ਭਾਰਤ ਸਕੀਮ ਦਾ ਬੀਮਾ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਜਾਵੇਗਾ | ਹਰਿਆਣਾ ਵਿਚ ਕਿਸਾਨਾਂ ਦਾ ਵੱਡਾ ਵਰਗ ਭਾਜਪਾ ਤੋਂ ਨਾਰਾਜ਼ ਚੱਲ ਰਿਹਾ ਹੈ | ਕਿਸਾਨਾਂ ਨੂੰ ਖੁਸ਼ ਕਰਨ ਲਈ ਸ਼ਾਹ ਨੇ ਇਹ ਬਿਆਨ ਦਿੱਤਾ ਹੈ |
ਉਨ੍ਹਾ ਰੇਵਾੜੀ ਵਿਚ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਦੌਰਾਨ ਪੁੱਛਿਆ ਕਿ ਕੀ ਰਾਹੁਲ ਗਾਂਧੀ ਨੂੰ ‘ਐੱਮ ਐੱਸ ਪੀ’ ਦਾ ਪੂਰਾ ਮਤਲਬ ਵੀ ਪਤਾ ਹੈ | ਉਨ੍ਹਾ ਨਾਲ ਹੀ ਦਾਅਵਾ ਕੀਤਾ ਕਿ ਹਰਿਆਣਾ ਦੀ ਭਾਜਪਾ ਸਰਕਾਰ 24 ਫਸਲਾਂ ਘੱਟੋ-ਘੱਟ ਸਮਰਥਨ ਮੁੱਲ (ਅੱੈਮ ਐੱਸ ਪੀ) ਉਤੇ ਖਰੀਦ ਰਹੀ ਹੈ |
ਉਨ੍ਹਾ ਦੋਸ਼ ਲਾਇਆ ਕਿ ਰਾਹੁਲ ਸਿਰਫ ਇਸ ਕਾਰਨ ਐੱਮ ਐੱਸ ਪੀ ਦੀ ਗੱਲ ਕਰ ਰਹੇ ਹਨ, ਕਿਉਂਕਿ ਕਿਸੇ ਐੱਨ ਜੀ ਓ ਨੇ ਰਾਹੁਲ ‘ਬਾਬਾ’ ਨੂੰ ਇਹ ਦੱਸ ਦਿੱਤਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾ ਨੂੰ ਵੋਟਾਂ ਮਿਲਣਗੀਆਂ | ਉਨ੍ਹਾ ਕਿਹਾ—ਰਾਹੁਲ ਬਾਬਾ, ਕੀ ਤੁਹਾਨੂੰ ਐੱਮ ਐੱਸ ਪੀ ਦੀ ਫੁੱਲ ਫਾਰਮ ਵੀ ਪਤਾ ਹੈ |
ਤੁਹਾਨੂੰ ਪਤਾ ਹੈ ਕਿ ਕਿਹੜੀਆਂ ਫਸਲਾਂ ਸਾਉਣੀ ਦੀਆਂ ਹੁੰਦੀਆਂ ਹਨ ਤੇ ਕਿਹੜੀਆਂ ਹਾੜ੍ਹੀ ਦੀਆਂ | ਹਰਿਆਣਾ ਵਿਚ 5 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਹੱਕ ਵਿਚ ਪ੍ਰਚਾਰ ਕਰਨ ਆਏ ਸ਼ਾਹ ਨੇ ਇਹ ਦੋਸ਼ ਵੀ ਲਾਇਆ ਕਿ ਕਾਂਗਰਸੀ ਸਰਕਾਰਾਂ ਸਿਰਫ ‘ਕਮਿਸ਼ਨ ਤੇ ਭਿ੍ਸ਼ਟਾਚਾਰ’ ਦੇ ਜ਼ਰੀਏ ਚੱਲਦੀਆਂ ਸਨ, ਜਦੋਂਕਿ ਦੂਜੇ ਪਾਸੇ ‘ਡੀਲਰ, ਦਲਾਲ ਤੇ ਦਾਮਾਦ’ ਰਾਜ ਕਰਦੇ ਸਨ |