ਅੰਮਿ੍ਰਤਸਰ
(ਜਸਬੀਰ ਸਿੰਘ ਪੱਟੀ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਨੀਵਾਰ ਇਥੇ ਹੋਈ ਅੰਤਿ੍ਰੰਗ ਕਮੇਟੀ ਦੀ ਇਕੱਤਰਤਾ ’ਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬਦੀ ਨੂੰ ਵੱਡੇ ਪੱਧਰ ’ਤੇ ਮਨਾਉਣ ਦਾ ਫੈਸਲਾ ਕੀਤਾ ਗਿਆ। ਇਕੱਤਰਤਾ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਨਵੰਬਰ 2025 ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਅਤੇ ਗੁਰੂ ਸਾਹਿਬ ਦੇ ਅਨਿਨ ਸਿੱਖ ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਤੇ ਭਾਈ ਮਤੀ ਦਾਸ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬਦੀ ਵੀ ਆ ਰਹੀ ਹੈ। ਇਨ੍ਹਾਂ ਦਿਹਾੜਿਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੌਮੀ ਪੱਧਰ ’ਤੇ ਮਨਾਇਆ ਜਾਵੇਗਾ, ਜਿਸ ਦੀ ਰੂਪ-ਰੇਖਾ ਜਲਦ ਉਲੀਕੀ ਜਾਵੇਗੀ।
ਉਨ੍ਹਾ ਦੱਸਿਆ ਕਿ ਅੰਤਿ੍ਰੰਗ ਕਮੇਟੀ ਵੱਲੋਂ ਮੇਘਾਲਿਆ ਸਰਕਾਰ ਵੱਲੋਂ ਸ਼ਿਲਾਂਗ ਵਿਖੇ ਪੰਜਾਬੀ ਕਲੋਨੀ ’ਚ ਸਥਿਤ 200 ਸਾਲ ਪੁਰਾਣੇ ਗੁਰੂ ਘਰ ਨੂੰ ਢਾਹੁਣ ਦੀ ਕਾਰਵਾਈ ਦਾ ਵੀ ਸਖ਼ਤ ਨੋਟਿਸ ਲਿਆ ਗਿਆ। ਉਨ੍ਹਾ ਕਿਹਾ ਕਿ ਸਰਕਾਰ ਇਹ ਕਾਰਵਾਈ ਤੁਰੰਤ ਬੰਦ ਕਰੇ ਅਤੇ ਸਥਾਨਕ ਸਿੱਖਾਂ ਦੇ ਰਿਹਾਇਸ਼ੀ ਹੱਕਾਂ ਦੀ ਸੁਰੱਖਿਆ ਵੀ ਯਕੀਨੀ ਬਣਾਏ। ਉਹਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਮਲੇ ’ਚ ਦਖ਼ਲ ਦੇਣ।ਅੰਤਿ੍ਰੰਗ ਕਮੇਟੀ ਨੇ ਭਾਜਪਾ ਸਾਂਸਦ ਕੰਗਨਾ ਰਣੌਤ ਵੱਲੋਂ ਬਣਾਈ ਸਿੱਖਾਂ ਦੀ ਕਿਰਦਾਰਕੁਸ਼ੀ ਕਰਦੀ ਫ਼ਿਲਮ ‘ਐਮਰਜੈਂਸੀ’ ਨੂੰ ਮੂਲੋਂ ਰੱਦ ਕਰਨ ਦਾ ਮਤਾ ਪਾਸ ਕਰਦਿਆਂ ਸਰਕਾਰ ਨੂੰ ਇਸ ’ਤੇ ਪੂਰਨ ਰੋਕ ਲਗਾਉਣ ਲਈ ਆਖਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਫ਼ਿਲਮ ਨੂੰ ਸਿੱਖ ਵਿਰੋਧੀ ਏਜੰਡੇ ਤਹਿਤ ਕੌਮ ਵਿਰੁੱਧ ਜ਼ਹਿਰ ਉਗਲਣ ਤੇ ਨਫ਼ਰਤ ਫੈਲਾਉਣ ਦੀ ਭਾਵਨਾ ਨਾਲ ਬਣਾਇਆ ਗਿਆ ਹੈ, ਜਿਸ ਨੂੰ ਪੰਜਾਬ ਅੰਦਰ ਕਿਸੇ ਵੀ ਕੀਮਤ ’ਤੇ ਨਹੀਂ ਚੱਲਣ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਐਮਰਜੈਂਸੀ ਫ਼ਿਲਮ ਉੱਤੇ ਰੋਕ ਲਗਾ ਕੇ ਸੂਬੇ ਦੀ ਤਰਜਮਾਨੀ ਕਰੇ, ਤਾਂ ਜੋ ਭਾਈਚਾਰਕ ਮਾਹੌਲ ਸੁਖਾਵਾਂ ਰਹੇ। ਉਨ੍ਹਾ ਲੋਕ ਸਭਾ ਦੇ ਸਪੀਕਰ ਨੂੰ ਕੰਗਨਾ ਵੱਲੋਂ ਕੀਤੀ ਜਾਂਦੀ ਫ਼ਿਰਕੂ ਬਿਆਨਬਾਜ਼ੀ ਦਾ ਨੋਟਿਸ ਲੈਣ ਅਤੇ ਉਸ ਦੀ ਮੈਂਬਰਸ਼ਿਪ ਰੱਦ ਕਰਨ ਲਈ ਵੀ ਆਖਿਆ। ਉਨ੍ਹਾਂ ਦੱਸਿਆ ਕਿ ਅੰਤਿ੍ਰੰਗ ਕਮੇਟੀ ਨੇ ਭਾਈ ਰਾਜੋਆਣਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਜਾਰੀ ਰੱਖਣ ਦੀ ਵੀ ਵਚਨਬੱਧਤਾ ਪ੍ਰਗਟਾਈ ਹੈ। ਉਹਨਾ ਅੰਤਿ੍ਰੰਗ ਕਮੇਟੀ ਦੇ ਹੋਰ ਫੈਸਲਿਆਂ ਬਾਰੇ ਦੱਸਿਆ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਅਤਿ-ਆਧੁਨਿਕ ਇਮਾਰਤ ਤਿਆਰ ਕਰਕੇ ਦਿੱਲੀ ਸਿੱਖ ਮਿਸ਼ਨ ਨੂੰ ਅਜ਼ਾਦਾਨਾ ਤੌਰ ’ਤੇ ਸਰਗਰਮ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਵਿਖੇ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦਾ ਸਿੱਖ ਮਿਸ਼ਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਕਾਰਜਸ਼ੀਲ ਹੈ, ਪਰ ਹੁਣ ਲੋੜਾਂ ਨੂੰ ਮੁੱਖ ਰੱਖਦਿਆਂ ਜ਼ਮੀਨ ਖ਼ਰੀਦ ਕੇ ਇਮਾਰਤ ਤਿਆਰ ਕੀਤੀ ਜਾਵੇਗੀ, ਜਿਥੋਂ ਧਰਮ ਦੇ ਪ੍ਰਚਾਰ, ਪ੍ਰਸਾਰ ਦੇ ਕਾਰਜ ਚਲਾਏ ਜਾਣਗੇ।