ਜਲੰਧਰ (ਕੇਸਰ)-ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਕਮੇਟੀ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਸਮਾਗਮ ਦੇ ਮੁੱਖ ਬੁਲਾਰੇ ਕਮੇਟੀ ਦੇ ਟਰੱਸਟੀ ਮੰਗਤ ਰਾਮ ਪਾਸਲਾ ਤੇ ਕਮੇਟੀ ਮੈਂਬਰ ਰਮਿੰਦਰ ਸਿੰਘ ਪਟਿਆਲਾ ਸਨ। ਆਗੂਆਂ ਨੇ ਕਿਹਾ ਕਿ ਭਗਤ ਸਿੰਘ ਦੇ ਵਿਚਾਰ ਅਜੋਕੇ ਪ੍ਰਸੰਗ ਵਿੱਚ ਵਿੱਚ ਵੀ ਓਨੇ ਹੀ ਮਹੱਤਤਾ ਰੱਖਦੇ ਹਨ, ਜਿੰਨੀ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਸਮੇਂ ਸਨ। ਸਗੋਂ ਇਸ ਵੇਲੇ ਤਾਂ ਆਜ਼ਾਦੀ ਸੰਗਰਾਮ ਤੋਂ ਵੀ ਵਧੇਰੇ ਭਗਤ ਸਿੰਘ ਦੇ ਵਿਚਾਰਾਂ ਦੀ ਲੋੜ ਹੈ, ਕਿਉਕਿ ਭਾਜਪਾ ਦੀ ਹਕੂਮਤ, ਜਿਸ ਨੂੰ ਆਰ ਐੱਸ ਐੱਸ ਚਲਾ ਰਿਹਾ ਹੈ, ਉਹ ਭਗਤ ਸਿੰਘ ਦੇ ਰੂਪ ਨੂੰ ਵਿਗਾੜ ਕੇ ਪੇਸ਼ ਕਰ ਰਹੀ ਹੈ। ਉਹ ਤਾਂ ਭਗਤ ਸਿੰਘ ਨੂੰ ਟੋਪੀ ਵਾਲਾ ਪੇਸ਼ ਕਰਕੇ ਹਿੰਦੂ ਪੱਖੀ ਬਣਾ ਰਹੀ ਹੈ। ਸਿੱਖ ਫਿਰਕੇ ਦੀਆਂ ਕੁਝ ਤਾਕਤਾਂ ਭਗਤ ਸਿੰਘ ਨੂੰ ਪੱਗ ਵਾਲੇ ਸਰਦਾਰ ਦੇ ਤੌਰ ’ਤੇ ਪੇਸ਼ ਕਰਦੀਆਂ ਹਨ। ਇਸ ਲਈ ਅਜਿਹੀਆਂ ਫਿਰਕੂ ਤਾਕਤਾਂ ਦਾ ਜਵਾਬ ਭਗਤ ਸਿੰਘ ਦੇ ਵਿਚਾਰਾਂ ਰਾਹੀਂ ਹੀ ਦਿੱਤਾ ਜਾ ਸਕਦਾ ਹੈ। ਭਗਤ ਸਿੰਘ ਨੇ ਗਦਰ ਪਾਰਟੀ ਦੇ ਯੋਧਿਆਂ ਦੇ ਪਦ-ਚਿੰਨ੍ਹਾਂ ’ਤੇ ਚੱਲਦੇ ਹੋਏ ਮਹਾਤਮਾ ਗਾਂਧੀ ਦੇ ਵਿਚਾਰਾਂ ਤੇ ਸਮਾਜਵਾਦੀ ਵਿਚਾਰਾਂ ਦਾ ਵਖਰੇਵਾਂ ਕੀਤਾ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾਈਸ਼ ਸੋਸ਼ਲਿਸਟ ਖੁਸ਼ਹਾਲੀ ਦਾ ਪ੍ਰਤੀਕ ਹੈ, ਇਸ ਲਈ ਭਗਤ ਸਿੰਘ ਦੇ ਵਿਚਾਰਾਂ ਦੀ ਪੂਰਤੀ ਹੋਣ ਨਾਲ ਹੀ ਸਮਾਜ ਵਿੱਚ ਖੁਸ਼ਹਾਲੀ ਪਰਤੇਗੀ, ਜਦੋਂ ਕਿ ਅੱਜ ਸਾਡਾ ਦੇਸ਼ ਭੁੱਖਮਰੀ ਵਾਲੇ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ।
ਆਗੂਆਂ ਕਿਹਾ ਕਿ ਹਿੰਦੁਸਤਾਨ ਵਿੱਚ ਔਰਤਾਂ ਨਾਲ ਬਲਾਤਕਾਰ ਦਾ ਵਰਤਾਰਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਹੁਣ ਤਾਂ ਸਭ ਹੱਦਾਂ ਹੀ ਟੱਪ ਗਈਆਂ ਹਨ। ਤਿੰਨ-ਤਿੰਨ ਸਾਲ ਦੀਆਂ ਬਾਲੜੀਆਂ ਨਾਲ ਦਰਿੰਦੇ ਬਲਾਤਕਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਤੀਜੀ ਵਿਸ਼ਵ ਜੰਗ ਵਾਲੇ ਹਾਲਾਤ ਬਣਦੇ ਜਾ ਰਹੇ ਹਨ। ਇਜ਼ਰਾਈਲ ਤੇ ਫਲਸਤੀਨ ਦੀ ਜੰਗ ਵਿੱਚ ਇਜ਼ਰਾਈਲੀਆਂ ਨੇ ਹੁਣ ਤੱਕ 80000 ਹਜ਼ਾਰ ਫ਼ਲਸਤੀਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਯੂਕਰੇਨ ਤੇ ਰੂਸ ਦੀ ਜੰਗ ਕਰਾਉਣ ਵਾਲਾ ਸਾਮਰਾਜੀ ਅਮਰੀਕਾ ਹੈ, ਕਿਉਕਿ ਅਮਰੀਕਾ ਯੂਕਰੇਨ ਵਿੱਚ ਰੂਸ ਨੂੰ ਘੇਰਨ ਲਈ ਨਾਟੋ ਦਾ ਅੱਡਾ ਬਣਾ ਰਿਹਾ ਹੈ। ਵਿਸ਼ਵ ਲਈ ਇਹ ਹਾਲਾਤ ਬਹੁਤ ਘਾਤਕ ਸਾਬਤ ਹੋ ਸਕਦੇ ਹਨ। ਯੂਕਰੇਨ ਵਿੱਚ ਖਾਧ ਖੁਰਾਕ ਦੀਆਂ ਮੁੱਖ ਵਸਤਾਂ ਹਨ, ਜੇ ਫ਼ਸਲਾਂ ਨਾ ਪੈਦਾ ਹੋ ਸਕੀਆਂ ਤਾਂ ਵਿਸ਼ਵ ਵਿੱਚ ਭੁੱਖਮਰੀ ਫੈਲ ਸਕਦੀ ਹੈ। ਸਮਾਗਮ ਨੂੰ ਕਮੇਟੀ ਦੇ ਮੀਤ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ, ਕਮੇਟੀ ਦੇ ਖਜ਼ਾਨਚੀ ਸੀਤਲ ਸਿੰਘ ਸੰਘਾ, ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਰੀ ਕੋਛੜ, ਡਾਕਟਰ ਸ਼ੈਲੇਸ ਤੇ ਵਿਜੇ ਬੰਬੇਲੀ ਹਾਜ਼ਰ ਸਨ।