16.8 C
Jalandhar
Sunday, December 22, 2024
spot_img

ਪਰਮਗੁਣੀ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਮੋਗਾ ਲਾਲੋ-ਲਾਲ

ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਅਗਲੇ ਪੜਾਅ ‘ਬਨੇਗਾ ਪ੍ਰਾਪਤੀ ਮੁਹਿੰਮ’ ਦਾ ਆਗਾਜ਼, ਸੰਘਰਸ਼ ਜਾਰੀ ਰੱਖਣ ਦਾ ਲਿਆ ਪ੍ਰਣਮੋਗਾ (ਇਕਬਾਲ ਸਿੰਘ ਖਹਿਰਾ)
ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵੱਲੋਂ ‘ਬਨੇਗਾ ਪ੍ਰਾਪਤੀ ਮੁਹਿੰਮ’ ਦੇ ਬੈਨਰ ਹੇਠ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ ‘ਬਨੇਗਾ’ ਭਾਵ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’, ਜਿਸ ਅਨੁਸਾਰ ਹਰ ਇਕ ਨੂੰ (ਜੋ ਚਾਹੁੰਦਾ ਹੈ) ਉਹਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਅਨੁਸਾਰ ਤਨਖਾਹ ਅਣ-ਸਿੱਖਿਅਤ ਨੂੰ 30,000, ਅਰਧ ਸਿੱਖਿਅਤ ਨੂੰ 35,000, ਸਿੱਖਿਅਤ ਨੂੰ 45,000 ਅਤੇ ਉੱਚ-ਸਿੱਖਿਅਤ ਨੂੰ 60,000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦੀ ਗਰੰਟੀ ਹੋਵੇ ਅਤੇ ਜੇਕਰ ਸਰਕਾਰ ਇਕ ਸਾਲ ਦੇ ਅੰਦਰ ਕੰਮ ਦੇਣ ਵਿੱਚ ਅਸਫਲ ਹੈ ਤਾਂ ਉਕਤ ਤਨਖਾਹ ਦਾ ਅੱਧਾ ਹਿੱਸਾ ਕੰਮ ਇੰਤਜ਼ਾਰ ਭੱਤਾ ਲਾਜ਼ਮੀ ਹੋਵੇ, ਬਨੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਅਤੇ ਨਵਾਂ ਰੁਜ਼ਗਾਰ ਪੈਦਾ ਕਰਨ ਲਈ ‘ਕੰਮ ਦਿਹਾੜੀ ਦੀ ਕਾਨੂੰਨੀ ਸੀਮਾ 6 ਘੰਟੇ ਹੋਵੇ’, ਹਰ ਇਕ ਲਈ ਮੁਫ਼ਤ ਅਤੇ ਲਾਜ਼ਮੀ ਵਿਗਿਆਨਕ ਸਿੱਖਿਆ, ਮੁਫ਼ਤ ਸਿਹਤ ਸਹੂਲਤਾਂ, ਵਾਤਾਵਰਣ ਅਤੇ ਪਾਣੀਆਂ ਦੀ ਸੰਭਾਲ, ਚੰਗੀ ਉਸਾਰੂ ਖੇਡ ਨੀਤੀ ਅਤੇ ਮਨੁੱਖਾ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ ਆਦਿ ਦੀ ਪ੍ਰਾਪਤੀ ਲਈ ਸ਼ਨੀਵਾਰ ਇੱਥੇ ਸਥਾਨਕ ਇਨਡੋਰ ਸਟੇਡੀਅਮ ਗੋਧੇਵਾਲਾ ਵਿਖੇ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਅਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੀ ਸਿਲਵਰ ਜੁਬਲੀ ਮੌਕੇ ‘ਬਨੇਗਾ ਵਲੰਟੀਅਰ ਸੰਮੇਲਨ ਅਤੇ ਮਾਰਚ’ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਵਿਚੋਂ ਹਜ਼ਾਰਾਂ ਵਲੰਟੀਅਰਾਂ ਨੇ ਭਗਤ ਸਿੰਘ ਦੀ ਫੋਟੋ ਵਾਲੀ ਬਨੇਗਾ ਟੀ-ਸ਼ਰਟ ਪਹਿਨ ਕੇ ਸ਼ਮੂਲੀਅਤ ਕੀਤੀ।
ਇਸ ਪ੍ਰੋਗਰਾਮ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਰਮਨ ਕੁਮਾਰ ਧਰਮੂ ਵਾਲਾ, ਸੂਬਾ ਸਕੱਤਰ ਪਿ੍ਰਤਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੁਖਵਿੰਦਰ ਮਲੋਟ ਅਤੇ ਨੌਜਵਾਨ ਸਭਾ ਦੇ ਸੂਬਾਈ ਸਕੱਤਰੇਤ ਆਗੂ ਕਰਮਵੀਰ ਕੌਰ ਬੱਧਨੀ ਨੇ ਕੀਤੀ। ਪ੍ਰੋਗਰਾਮ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਦਿਨੇਸ਼ ਕੁਮਾਰ (ਤਾਮਿਲਨਾਡੂ) ਅਤੇ ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਲਾਲ ਵਰਦੀਧਾਰੀ ਵਲੰਟੀਅਰਾਂ ਨੇ ਹੱਥਾਂ ਵਿੱਚ ਭਗਤ ਸਿੰਘ ਦੀਆਂ ਫੋਟੋਆਂ, ਲਾਲ ਝੰਡੇ, ਬੈਨਰ, ਫਲੈਕਸ ਅਤੇ ਤਖ਼ਤੀਆਂ ਫੜ ਕੇ ਮੋਗਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਮਾਰਚ ਕਰਦਿਆਂ ਪੂਰਾ ਮੋਗਾ ਲਾਲੋ-ਲਾਲ ਕਰ ਦਿੱਤਾ ਅਤੇ ‘ਇਨਕਲਾਬ-ਜ਼ਿੰਦਾਬਾਦ, ਭਗਤ ਸਿੰਘ ਤੇਰੀ ਸੋਚ ਤੇ, ਪਹਿਰਾ ਦੇਵਾਂਗੇ ਠੋਕ ਕੇ, ਬਨੇਗਾ ਕਾਨੂੰਨ ਲੈ ਕੇ ਰਹਾਂਗੇ’ ਆਦਿ ਨਾਹਰਿਆਂ ਨਾਲ ਆਕਾਸ਼ ਗੂੰਜਣ ਲਗਾ ਦਿੱਤਾ।
ਸਮਾਗਮ ਦੀ ਸ਼ੁਰੂਆਤ ਵੇਲੇ ਤਿਆਰੀ ਕਮੇਟੀ ਦੇ ਕਨਵੀਨਰ ਡਾਕਟਰ ਇੰਦਰਬੀਰ ਸਿੰਘ ਗਿੱਲ ਜਿਲ੍ਹਾ ਆਗੂ ਐਪਸੋ ਨੇ ਸਮਾਗਮ ਦਾ ਉਦਘਾਟਨ ਕਰਦਿਆਂ ਭਗਤ ਸਿੰਘ ਦੇ ਜਨਮ ਦਿਨ ਦੀਆਂ ਅਮੁੱਕ ਮੁਬਾਰਕਾਂ ਦਿੱਤੀਆਂ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਵਲੰਟੀਅਰਾਂ ਦਾ ਸਵਾਗਤ ਕੀਤਾ। ਇਸ ਮੌਕੇ ਵਿਸ਼ਾਲ ਬਨੇਗਾ ਵਲੰਟੀਅਰ ਸੰਮੇਲਨ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਦਿਆਂ ਜਗਰੂਪ ਸਿੰਘ ਨੇ ਪਰਮਗੁਣੀ ਭਗਤ ਸਿੰਘ ਦੇ 118ਵੇਂ ਜਨਮ ਦਿਹਾੜੇ ਮੌਕੇ ਅਮੁੱਕ ਮੁਬਾਰਕਾਂ ਦਿੰਦਿਆਂ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਹਾਜ਼ਰੀਨ ਹਜ਼ਾਰਾਂ ਬਨੇਗਾ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਅੱਜ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ਤੋਂ ਇਲਾਵਾ ਅੱਜ ਤੋਂ 25 ਸਾਲ ਪਹਿਲਾਂ ਰੁਜ਼ਗਾਰ ਪ੍ਰਾਪਤ ਕਰਨ ਦੀ ਮੰਗ ’ਤੇ ਸ਼ੁਰੂ ਕੀਤੀ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਨੇ ਆਪਣੀਆਂ ਬੇਰੋਕ ਸਰਗਰਮੀਆਂ ਦੇ ਸ਼ਾਨਦਾਰ ਇਤਿਹਾਸਕ 25 ਸਾਲ ਪੂਰੇ ਕਰਕੇ ਸਿਲਵਰ ਜੁਬਲੀ ਮਨਾ ਰਹੀ ਹੈ। ਉਹਨਾਂ ਇਤਿਹਾਸਕ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਵਿੱਚ ਰੁਜ਼ਗਾਰ ਦੀ ਘਾਟ ਕਾਰਨ ਖ਼ੁਦਕੁਸ਼ੀਆਂ ਦਾ ਦੌਰ ਚੱਲ ਰਿਹਾ ਸੀ ਤਾਂ ਉਸ ਵੇਲੇ ‘ਖ਼ੁਦਕੁਸ਼ੀਆ ਨਹੀਂ, ਪ੍ਰਾਪਤੀ ਦੇ ਰਾਹ ਪੈ ਵੇ ਲੋਕਾ’ ਦਾ ਨਾਹਰਾ ਮਾਰ ਕੇ ਕਿਵੇਂ ਬੇਰੁਜ਼ਗਾਰ ਜਵਾਨੀ ਵਿੱਚ ਆਸ ਦੀ ਲੋਅ ਜਗਾਈ, ਜੋ ਅੱਜ ‘ਬਨੇਗਾ ਪ੍ਰਾਪਤੀ ਮੁਹਿੰਮ’ ਦੇ ਰੂਪ ਵਿੱਚ ਪ੍ਰਚੰਡ ਹੋ ਕੇ ਪ੍ਰਾਪਤੀ ਦੇ ਸੰਘਰਸ਼ ਵਿੱਚ ਮੋਹਰੀ ਰੋਲ ਨਿਭਾ ਰਹੀ ਹੈ।
ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ, ਸੂਬਾ ਪ੍ਰਧਾਨ ਪਰਮਜੀਤ ਢਾਬਾਂ ਨੇ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੀ ਲਗਾਤਾਰ ਬਿਨਾਂ ਨਾਗਾ ਸਰਗਰਮੀ ਦਾ ਨਤੀਜਾ ਹੈ ਕਿ ਪਰਮਗੁਣੀ ਭਗਤ ਸਿੰਘ ਦਾ ਜਨਮ ਦਿਨ ਤਿਉਹਾਰ ਵਾਂਗ ਮਨਾਇਆ ਜਾਣ ਲੱਗਿਆ ਹੈ। ਅੱਜ ਜਦੋਂ ਸਮਾਜ ਬੇਰੁਜ਼ਗਾਰੀ ਕਾਰਨ ਆਰਥਕ ਥੁੜ੍ਹਾਂ ਸਮੇਤ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਪਰਮਗੁਣੀ ਭਗਤ ਸਿੰਘ ਦੀ ਵਿਚਾਰਧਾਰਕ ਅਗਵਾਈ ਦੀ ਵਧੇਰੇ ਲੋੜ ਹੈ। ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ ‘ਬਨੇਗਾ ਭਾਵ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ ਦਾ ਖਰੜਾ ਭਗਤ ਸਿੰਘ ਦੀ ਵਿਚਾਰਧਾਰਕ ਅਗਵਾਈ ਦੀ ਹੀ ਦੇਣ ਹੈ। ਉਹਨਾਂ ਕਿਹਾ ਕਿ ਜਿੱਥੇ ਇਕ ਪਾਸੇ ਸਰਕਾਰਾਂ ਦਾ ਆਮ ਲੋਕਾਂ ਅਤੇ ਉਹਨਾਂ ਦੀਆਂ ਜੀਵਨ ਹਾਲਤਾਂ ਨਾਲ ਕੋਈ ਤਲਕ-ਵਾਸਤਾ ਨਹੀਂ ਰਿਹਾ ਅਤੇ ਸਿਰਫ ਕਾਰਪੋਰੇਟ ਸੈਕਟਰ ਲਈ ਹੀ ਨੀਤੀਆਂ ਬਣਾ ਰਹੀਆਂ ਹਨ, ਉਥੇ ਦੂਜੇ ਪਾਸੇ ਬਨੇਗਾ ਪ੍ਰਾਪਤੀ ਮੁਹਿੰਮ ਦੇ ਉਕਤ ਸ਼ਾਨਦਾਰ ਠੋਸ ਪ੍ਰੋਗਰਾਮ ਸਮਾਜ ਦੇ ਹਰ ਵਰਗ ਦੀ ਬੰਦ-ਖਲਾਸੀ ਦਾ ਮੁੱਦਈ ਹੈ। ਇਸ ਪ੍ਰੋਗਰਾਮ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਪਵੇਗਾ। ਇਸ ਸੰਘਰਸ਼ ਲਈ ਭਗਤ ਸਿੰਘ ਦਾ ਜੀਵਨ ਫਲਸਫ਼ਾ ਸਾਡੀ ਯੋਗ ਅਗਵਾਈ ਕਰੇਗਾ।
ਸੰਮੇਲਨ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਦਿਨੇਸ਼ ਕੁਮਾਰ (ਤਾਮਿਲਨਾਡੂ) ਨੇ ਭਗਤ ਸਿੰਘ ਦੇ ਜਨਮ ਦਿਨ ਮੌਕੇ ਪੰਜਾਬ ਵੱਲੋਂ ਕੀਤੇ ਜਾ ਰਹੇ ਇਸ ਵਿਸ਼ਾਲ ਪ੍ਰੋਗਰਾਮ ਅਤੇ ਭਗਤ ਸਿੰਘ ਦੇ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਦਿੱਤੀ ਅਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਭਗਤ ਸਿੰਘ ਦੇ ਜਨਮ ਦਿਨ ਸਮਾਗਮ ਕਰਵਾਉਣ ਦੀ ਪਿਰਤ ਨੇ ਪੂਰੇ ਭਾਰਤ ਨੂੰ ਜਗਾਇਆ ਹੈ ਅਤੇ ਅੱਜ ਸਾਰਾ ਦੇਸ਼ ਭਗਤ ਸਿੰਘ ਦੇ ਜਨਮ ਦਿਨ ਨੂੰ ਇਨਕਲਾਬੀ ਜੋਸ਼ ਨਾਲ ਮਨਾਉਂਦਾ ਹੈ। ਉਹਨਾ ਕਿਹਾ ਕਿ ਦੇਸ਼ ਦੀ ਵਿਦਿਆਰਥੀ ਲਹਿਰ ਖਾਸ ਕਰਕੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪਰਮਗੁਣੀ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਅਗਵਾਈ ਲੈ ਕੇ ਆਪਣੇ ਸੰਘਰਸ਼ ਲੜ ਰਹੀ ਅਤੇ ਜਿੱਤ ਰਹੀ ਹੈ। ਜਿਸ ਤਰ੍ਹਾਂ ਦੇਸ਼ ਦੀ ਸਰਮਾਏਦਾਰ ਹਕੂਮਤ ਵਿਦਿਆਰਥੀਆਂ ਤੋਂ ਸਿੱਖਿਆ ਦਾ ਹੱਕ ਖੋਹਣਾ ਚਾਹੁੰਦੀ ਤਾਂ ਸਾਨੂੰ ਹੋਰ ਸ਼ਿੱਦਤ ਨਾਲ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਲੈਸ ਹੋਣਾ ਪਵੇਗਾ, ਤਾਂ ਕਿ ਸਿੱਖਿਆ ਨੂੰ ਬਚਾਇਆ ਜਾ ਸਕੇ।
ਸਾਬਕਾ ਨੌਜਵਾਨ ਆਗੂਆਂ ਕਸ਼ਮੀਰ ਸਿੰਘ ਗਦਾਈਆ, ਕੁਲਦੀਪ ਭੋਲਾ, ਹੰਸ ਰਾਜ ਗੋਲਡਨ, ਸਰੋਜ ਰਾਣੀ ਛੱਪੜੀ ਵਾਲਾ, ਸੁਰਿੰਦਰ ਢੰਡੀਆਂ ਅਤੇ ਸੁਖਦੇਵ ਸ਼ਰਮਾ ਪ੍ਰਧਾਨ ਏਟਕ ਪੰਜਾਬ ਨੇ ਭਗਤ ਸਿੰਘ ਦੇ ਜਨਮ ਦਿਨ ਦੀਆਂ ਨੌਜਵਾਨਾਂ ਨੂੰ ਵਧਾਈਆਂ ਦਿੱਤੀਆਂ ਅਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ 1997 ਤੋਂ ਉਹਨਾਂ ਵੱਲੋਂ ਸ਼ੁਰੂ ਕੀਤੀ ਮੁਹਿੰਮ ਅੱਜ ਆਪਣੇ ਅਗਲੇ ਪ੍ਰਾਪਤੀ ਦੇ ਪੜਾਅ ਵਿੱਚ ਸ਼ਾਮਲ ਹੋ ਕੇ ਪ੍ਰਾਪਤੀ ਵੱਲ ਵਧ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ, ਜਦੋਂ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਉਸਾਰਨ ਵਿੱਚ ਦੇਰ ਨਹੀਂ ਲੱਗੇਗੀ।
ਅੰਤ ਵਿੱਚ ਆਗੂਆਂ ਨੇ ਸਮੁੱਚੇ ਰੂਪ ਵਿੱਚ ਬੇਰੁਜ਼ਗਾਰ ਜਵਾਨੀ ਤੇ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਯੂਨੀਅਨਾਂ ਅਤੇ ਜਥੇਬੰਦੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਬਨੇਗਾ ਪ੍ਰਾਪਤੀ ਮੁਹਿੰਮ ਦਾ ਹਿੱਸਾ ਬਣਨ, ਤਾਂ ਹੀ ਸਭ ਲਈ ਉਹਨਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਦਾ ਹੱਕ ਜਿੱਤਿਆ ਜਾ ਸਕਦਾ ਹੈ।
ਸਮਾਗਮ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਗੂ ਜਸਪ੍ਰੀਤ ਕੌਰ ਬੱਧਨੀ, ਨਵਕਿਰਨ ਬੱਧਨੀ, ਗੁਰਦਿੱਤ ਦੀਨਾ, ਜਗਵਿੰਦਰ ਕਾਕਾ, ਸਵਰਾਜ ਖੋਸਾ, ਨਵਜੋਤ ਕੌਰ ਬਿਲਾਸਪੁਰ, ਹਰਪ੍ਰੀਤ ਸਿੰਘ, ਹਰਭਜਨ ਛੱਪੜੀ ਵਾਲਾ, ਸ਼ੁਬੇਗ ਝੰਗੜ ਭੈਣੀ, ਸਤੀਸ਼ ਛੱਪੜੀ ਵਾਲਾ, ਗੁਰਦਿਆਲ ਢਾਬਾਂ, ਰਾਜ ਕੁਮਾਰ ਬਹਾਦਰ ਕੇ, ਕੇਵਲ ਛਾਂਗਾ ਰਾਏ, ਕੁਲਦੀਪ ਆਜ਼ਾਬਾ, ਵਿਸ਼ਾਲ ਵਲਟੋਹਾ, ਹਰਭਿੰਦਰ ਕਸੇਲ, ਗੁਰਪ੍ਰੀਤ ਵਲਟੋਹਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਾਹੁਲ ਗਰਗ, ਗੁਰਜੰਟ ਸਿੰਘ, ਰਮਨਪ੍ਰੀਤ ਕੌਰ, ਗੋਰਾ ਪਿੱਪਲੀ ਆਦਿ ਦੀ ਅਗਵਾਈ ਵਿੱਚ ਸੈਂਕੜੇ ਬਨੇਗਾ ਵਲੰਟੀਅਰਾਂ ਦੇ ਕਾਫਲਿਆਂ ਦੀ ਅਗਵਾਈ ਕਰਕੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸਵਾਗਤੀ ਕਮੇਟੀ ਦੇ ਸੀਨੀਅਰ ਮੈਂਬਰ ਬਲਦੇਵ ਸਿੰਘ ਸੜਕਨਾਮਾ, ਸੁਖਦੇਵ ਸਿਰਸਾ, ਗੁਰਚਰਨ ਸੰਘਾ, ਗੁਰਚਰਨ ਕੌਰ ਮੋਗਾ ਤੇ ਡਾ. ਅਰਵਿੰਦਰਪਾਲ ਗਿੱਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

 

Related Articles

LEAVE A REPLY

Please enter your comment!
Please enter your name here

Latest Articles