ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ ਤੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਬਰੈਂਪਟਨ ਵਿੱਚ ਚੱਲ ਰਹੇ ਵਿਦਿਆਰਥੀਆਂ ਦੇ ਘੋਲ ਦੀ ਪੁਰਜ਼ੋਰ ਹਮਾਇਤ ਕਰਦੀ ਹੈ। ਕਮੇਟੀ ਦੇ ਪੱਕੇ ਹਮਦਰਦ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਆਗੂ ਸੁਖਦੇਵ ਸਿੰਘ ਕਾਲਾ, ਜੋ ਪੱਟੀ ਦੇ ਰਹਿਣ ਵਾਲੇ ਹਨ, ਦਾ ਪੁੱਤਰ ਸਰਬਜੀਤ ਸਿੰਘ ਅੰਦੋਲਨ ਦੇ ਅਗਵਾਈ ਕਰਤਿਆਂ ’ਚੋਂ ਇੱਕ ਹੈ। ਇਹ ਵਿਦਿਆਰਥੀ ਸੰਘਰਸ਼ ਇਸ ਕਰਕੇ ਕਰ ਰਹੇ ਹਨ ਕਿ ਕੈਨੇਡੀਅਨ ਹਕੂਮਤ ਨੇ ਜਿਹੜੇ ਵਿਦਿਆਰਥੀਆਂ ਨੂੰ ਪਹਿਲਾਂ ਕੈਨੇਡਾ ਆ ਕੇ ਪੜ੍ਹਾਈ ਕਰਨ ਦੀ ਇਜਾਜ਼ਤ ਦਿੱਤੀ ਸੀ, ਹੁਣ ਉਨ੍ਹਾਂ ਦੇ ਨੰਬਰਾਂ ਦੇ ਪੁਆਇੰਟ 350-400 ਤੋਂ ਵਧਾ ਕੇ 550 ਦੇ ਕਰੀਬ ਕਰ ਦਿੱਤੇ ਹਨ। ਏਨੇ ਪੁਆਇੰਟ 10+2 ਵਾਲੇ ਵਿਦਿਆਰਥੀ ਲੈ ਹੀ ਨਹੀਂ ਸਕਦੇ। ਵਧੇਰੇ ਪੜ੍ਹਾਈ ਵਾਲਿਆਂ ਦੇ ਮੌਕੇ ਤਾਂ ਹਨ। ਇਸ ਪ੍ਰਸਥਿਤੀ ਵਿੱਚ ਜਿਹੜਾ ਉਨ੍ਹਾਂ ਨੂੰ ਕਲਾਸ ਲਾਉਣ ਤੋਂ ਬਾਅਦ ਤਿੰਨ ਸਾਲ ਲਈ ਵਰਕ ਪਰਮਿਟ ਮਿਲਿਆ ਹੈ, ਫਿਰ ਉਸ ਪਰਮਿਟ ’ਤੇ ਕੰਮ ਵੀ ਨਹੀਂ ਕਰ ਸਕਦੇ। ਇਸ ਲਈ ਸਰਕਾਰ ਉਨ੍ਹਾਂ ਨੂੰ ਜਬਰਨ ਵਾਪਸ ਹਿੰਦੁਸਤਾਨ ਭੇਜ ਦੇਵੇਗੀ। ਇਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਵੱਡਾ ਆਰਥਕ ਧੱਕਾ ਹੈ। ਬਹੁਤੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਜ਼ਮੀਨ-ਜਾਇਦਾਦ ਵੇਚ ਕੇ ਕੈਨੇਡਾ ਭੇਜਿਆ ਹੈ। ਕਮੇਟੀ ਦੇ ਜਨਰਲ ਸਕੱਤਰ 27 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਇਸ ਵਾਕਿਆਤ ਬਾਰੇ ਆਪਣੇ ਵਿਚਾਰ ਇੱਕ ਸਮਾਗਮ ਵਿੱਚ ਰੱਖ ਚੁੱਕੇ ਹਨ। ਉਸ ਸਮਾਗਮ ਵਿੱਚ ਬਰੈਂਪਟਨ ਦੇ ਵਿਦਿਆਰਥੀਆਂ ਦੇ ਘੋਲ ਦੇ ਸਮਰਥਨ ਵਿੱਚ ਮਤਾ ਵੀ ਪਾਸ ਕੀਤਾ ਗਿਆ, ਜੋ ਅਖ਼ਬਾਰਾਂ ਵਿੱਚ ਛਪ ਚੁੱਕਾ ਹੈ ਅਤੇ ਫੇਸਬੁਕ ’ਤੇ ਵੀ ਜਾ ਚੁੱਕਾ ਹੈ। ਉਸ ਮਤੇ ਵਿਚ ਪੰਜਾਬ ਸਰਕਾਰ ’ਤੇ ਇਹ ਵੀ ਜ਼ੋਰ ਪਾਇਆ ਗਿਆ ਹੈ ਕਿ ਸਰਕਾਰ ਵਿਦਿਆਰਥੀਆਂ ਦੀ ਇਸ ਸਮੱਸਿਆ ਦੇ ਹੱਲ ਲਈ ਕੈਨੇਡਾ ਦੀ ਸਰਕਾਰ ਨਾਲ ਗੱਲ ਕਰੇ।