ਚੰਡੀਗੜ੍ਹ : ਡੇਰਾ ਸੱਚਾ ਸੌਦਾ ਦੇ ਮੁਖੀ ਅਤੇ ਜਬਰ-ਜ਼ਨਾਹ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੇ 20 ਦਿਨਾਂ ਦੀ ਪੈਰੋਲ ਦੀ ਅਪੀਲ ਕੀਤੀ ਹੈ। ਇਹ ਅਪੀਲ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਡੇਰਾ ਮੁਖੀ ਦੀ ਪੈਰੋਲ ਅਪੀਲ ਚੋਣ ਦਫਤਰ ਨੂੰ ਭੇਜ ਦਿੱਤੀ ਗਈ ਹੈ, ਜਿਸ ਨੇ ਜੇਲ੍ਹ ਵਿਭਾਗ ਨੂੰ ਅਪੀਲ ਪਿਛਲੇ ਅਜਿਹੇ ‘ਅਚਨਚੇਤ ਤੇ ਜ਼ਰੂਰੀ’ ਕਾਰਨ ਦੱਸਣ ਨੂੰ ਕਿਹਾ ਹੈ ਜੋ ਚੋਣਾਂ ਦੌਰਾਨ ਦੋਸ਼ੀ ਨੂੰ ਪੈਰੋਲ ’ਤੇ ਰਿਹਾਅ ਕਰਨ ਨੂੰ ਉਚਿਤ ਠਹਿਰਾਉਂਦੇ ਹੋਣ। ਡੇਰਾ ਮੁਖੀ ਨੇ ਇਜਾਜ਼ਤ ਮਿਲਣ ਦੀ ਸੂਰਤ ’ਚ ਪੈਰੋਲ ਦੇ ਸਮੇਂ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ’ਚ ਰਹਿਣ ਦੀ ਗੱਲ ਕਹੀ ਹੈ। ਉਸ ਨੂੰ ਲੋਕ ਸਭਾ ਚੋਣਾਂ ਵੇਲੇ ਵੀ ਜੇਲ੍ਹੋਂ ਬਾਹਰ ਆਉਣ ਦੀ ਇਜਾਜ਼ਤ ਮਿਲੀ ਸੀ।
ਐੱਮ ਐੱਸ ਕਰਦੇ ਡਾਕਟਰ ਵੱਲੋਂ ਖੁਦਕੁਸ਼ੀ
ਪ੍ਰਯਾਗਰਾਜ : ਉੱਤਰ ਪ੍ਰਦੇਸ਼ ’ਚ ਪ੍ਰਯਾਗਰਾਜ ਦੇ ਮੋਤੀਲਾਲ ਨਹਿਰੂ ਮੈਡੀਕਲ ਕਾਲਜ ਦੇ ਐੱਮ ਐੱਸ ਦੇ ਵਿਦਿਆਰਥੀ ਨੇ ਸ਼ਨਿਚਰਵਾਰ ਦੇਰ ਰਾਤ ਆਪਣੀ ਕਾਰ ’ਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਕਾਲਜ ਨਾਲ ਸੰਬੰਧਤ ਐੱਸ ਆਰ ਐੱਨ ਹਸਪਤਾਲ ਦੇ ਡਾਕਟਰਾਂ ਨੇ ਦੇਰ ਰਾਤ ਪੁਲਸ ਨੂੰ ਸੂਚਨਾ ਦਿੱਤੀ ਕਿ ਹਸਪਤਾਲ ’ਚ ਕੰਮ ਕਰਦੇ ਡਾਕਟਰ ਕਾਰਤਿਕੇ ਸ੍ਰੀਵਾਸਤਵ (28) ਨੇ ਖੁਦਕੁਸ਼ੀ ਕਰ ਲਈ ਹੈ। ਏ ਸੀ ਪੀ ਕੋਤਵਾਲੀ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਡਾਕਟਰ ਨੇ ਆਪਣੀ ਕਾਰ ’ਚ ਹੀ ਕਥਿਤ ਤੌਰ ’ਤੇ ਕੋਈ ਟੀਕਾ ਲਗਾ ਕੇ ਖੁਦਕੁਸ਼ੀ ਕੀਤੀ। ਉਹ ਉੱਤਰਾਖੰਡ ਦੇ ਕੋਟਦੁਆਰ ਦਾ ਰਹਿਣ ਵਾਲਾ ਸੀ।
ਲੋਕਾਂ ਨੂੰ ਸਕਾਰਾਤਮਕ ਕਹਾਣੀਆਂ ਪਸੰਦ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸਰੋਤਿਆਂ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਦਾ ਅਸਲੀ ਸੂਤਰਧਾਰ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਰੇਡੀਓ ਪ੍ਰੋਗਰਾਮ ਨੇ ਸਾਬਤ ਕੀਤਾ ਹੈ ਕਿ ਦੇਸ਼ ਦੇ ਲੋਕ ਸਕਾਰਾਤਮਕ ਵਿਕਾਸ, ਪ੍ਰੇਰਨਾਦਾਇਕ ਅਤੇ ਉਤਸ਼ਾਹਤ ਕਰਨ ਵਾਲੀਆਂ ਕਹਾਣੀਆਂ ਪਸੰਦ ਕਰਦੇ ਹਨ। ਆਕਾਸ਼ਵਾਣੀ ਦੇ ਇਸ ਮਹੀਨਾਵਾਰ ਪ੍ਰੋਗਰਾਮ ਦੀ 114ਵੀਂ ਕੜੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਪਾਣੀ ਬਚਾਉਣ, ਵਾਤਾਵਰਨ ਬਚਾਉਣ ਅਤੇ ਸਵੱਛਤਾ ਮੁਹਿੰਮ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਅਤੇ ਲੋਕਾਂ ਨੂੰ ਇਸ ’ਚ ਹਿੱਸੇਦਾਰੀ ਦੀ ਅਪੀਲ ਕੀਤੀ।