ਚੰਦਰਯਾਨ-3 ਚੰਨ ਦੇ ਸਭ ਤੋਂ ਪੁਰਾਣੇ ਟੋਏ ’ਚ ਉੱਤਰਿਆ ਸੀ

0
205

ਨਵੀਂ ਦਿੱਲੀ : ਭਾਰਤ ਦਾ ‘ਚੰਦਰਯਾਨ-3’ ਸੰਭਾਵੀ ਤੌਰ ’ਤੇ ਚੰਨ ਦੇ ਸਭ ਤੋਂ ਪੁਰਾਣੇ ਕ੍ਰੇਟਰ ਵਿੱਚੋਂ ਇਕ ’ਤੇ ਉਤਰਿਆ ਸੀ। ਮਿਸ਼ਨ ਤੇ ਉਪ ਗ੍ਰਹਿ ਤੋਂ ਪ੍ਰਾਪਤ ਤਸਵੀਰਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਵਿਗਿਆਨਕਾਂ ਨੇ ਇਹ ਸੰਭਾਵਨਾ ਪ੍ਰਗਟਾਈ ਹੈ। ਕਿਸੇ ਵੀ ਗ੍ਰਹਿ, ਉਪ ਗ੍ਰਹਿ ’ਤੇ ਪਏ ਟੋਏ ਨੂੰ ਕ੍ਰੇਟਰ ਕਿਹਾ ਜਾਂਦਾ ਹੈ। ਇਹ ਕ੍ਰੇਟਰ ਜਵਾਲਾਮੁਖੀ ਧਮਾਕੇ ਨਾਲ ਬਣਦੇ ਹਨ। ਭੌਤਿਕ ਖੋਜ ਲੈਬਾਰਟਰੀ ਅਤੇ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਖੋਜੀਆਂ ਨੇ ਦੱਸਿਆ ਕਿ ਚੰਦਰਯਾਨ ਜਿਸ ਕ੍ਰੇਟਰ ’ਤੇ ਉਤਰਿਆ, ਉਹ ‘ਨੈਕਟਰੀਅਨ ਕਾਲ’ ਦੌਰਾਨ ਬਣਿਆ ਸੀ। ‘ਨੈਕਟਰੀਅਨ ਕਾਲ’ 3.85 ਅਰਬ ਸਾਲ ਪਹਿਲਾਂ ਦਾ ਸਮਾਂ ਹੈ ਅਤੇ ਚੰਨ ਦੇ ਸਭ ਤੋਂ ਪੁਰਾਣੇ ਸਮਾਂ ਕਾਲਾਂ ’ਚੋਂ ਇਕ ਹੈ। ਭੌਤਿਕ ਖੋਜ ਲੈਬਾਰਟਰੀ ਦੇ ਗ੍ਰਹਿ ਵਿਗਿਆਨ ਵਿਭਾਗ ’ਚ ਐਸੋਸੀਏਟ ਪ੍ਰੋਫੈਸਰ ਐੱਸ ਵਿਜਯਨ ਨੇ ਕਿਹਾਚੰਦਰਯਾਨ-3 ਜਿਸ ਥਾਂ ’ਤੇ ਉਤਰਿਆ, ਉਹ ਇਕ ਵਿਲੱਖਣ ਭੂ-ਵਿਗਿਆਨਕ ਸਥਾਨ ਹੈ, ਜਿੱਥੇ ਕੋਈ ਹੋਰ ਮਿਸ਼ਨ ਨਹੀਂ ਪਹੁੰਚਿਆ ਹੈ। ਮਿਸ਼ਨ ਦੇ ਰੋਵਰ ਤੋਂ ਪ੍ਰਾਪਤ ਤਸਵੀਰ ਚੰਨ ਦੀ ਅਜਿਹੀ ਪਹਿਲੀ ਤਸਵੀਰ ਹੈ, ਜੋ ਇਸ ਵਿਥਕਾਰ ’ਤੇ ਮੌਜੂਦ ਪ੍ਰਾਗਿਆਨ ਰੋਵਰ ਨੇ ਲਈ ਹੈ। ਇਨ੍ਹਾਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਸਮੇਂ ਦੇ ਨਾਲ ਚੰਨ ਕਿਵੇਂ ਵਿਕਸਤ ਹੋਇਆ। ਜਦੋਂ ਕੋਈ ਤਾਰਾ ਕਿਸੇ ਗ੍ਰਹਿ ਜਾਂ ਚੰਨ ਵਰਗੇ ਵੱਡੇ ਪਿੰਡ ਨਾਲ ਟਕਰਾਉਂਦਾ ਹੈ ਤਾਂ ਟੋਆ ਬਣਦਾ ਹੈ ਅਤੇ ਇਸ ਵਿਸਥਾਪਤ ਸਮੱਗਰੀ ਨੂੰ ‘ਇਜੈਕਟਾ’ ਕਿਹਾ ਜਾਂਦਾ ਹੈ। ਚੰਦਰਯਾਨ-3 ਇਕ ਅਜਿਹੇ ਕ੍ਰੇਟਰ ’ਤੇ ਉਤਰਿਆ ਸੀ, ਜਿਸ ਦਾ ਵਿਆਸ ਲੱਗਭੱਗ 160 ਕਿਲੋਮੀਟਰ ਹੈ ਅਤੇ ਤਸਵੀਰਾਂ ਤੋਂ ਇਸ ਦੇ ਲੱਗਭੱਗ ਅਰਧ ਗੋਲਾਕਾਰ ਬਣਤਰ ਹੋਣ ਦਾ ਪਤਾ ਲੱਗਦਾ ਹੈ। ਖੋਜੀਆਂ ਨੇ ਕਿਹਾ ਕਿ ਇਹ ਸੰਭਾਵੀ ਤੌਰ ’ਤੇ ਕ੍ਰੇਟਰ ਦਾ ਅੱਧਾ ਹਿੱਸਾ ਹੈ ਅਤੇ ਦੂਜਾ ਅੱਧਾ ਹਿੱਸਾ ਦੱਖਣੀ ਧਰੁਵ ‘ਐਟਕੇਨ ਬੇਸਿਨ’ ਤੋਂ ਨਿਕਲੇ ‘ਇਜੈਕਟਾ’ ਹੇਠ ਦੱਬਿਆ ਗਿਆ ਹੋਵੇਗਾ। ਪ੍ਰਗਿਆਨ ਨੂੰ ਚੰਦਰਯਾਨ-3 ਦੇ ਲੈਂਡਰ ਵਿਕਰਮ ਨੇ ਚੰਨ ਦੀ ਸਤਹਿ ’ਤੇ ਉਤਾਰਿਆ ਸੀ। ਇਸਰੋ ਵੱਲੋਂ ਲਾਂਚ ਇਸ ਚੰਦਰਯਾਨ ਨੇ 23 ਅਗਸਤ 2023 ਨੂੰ ਚੰਨ ਦੇ ਦੱਖਣੀ ਧਰੁਵ ਕੋਲ ‘ਸਾਫਟ ਲੈਂਡਿੰਗ’ ਕੀਤੀ ਸੀ। ਚੰਦਰਯਾਨ ਜਿਸ ਥਾਂ ’ਤੇ ਉਤਰਿਆ ਸੀ, ਉਸ ਦਾ 26 ਅਗਸਤ 2023 ਨੂੰ ‘ਸ਼ਿਵ ਸ਼ਕਤੀ ਪੁਆਇੰਟ’ ਨਾਂਅ ਰੱਖਿਆ ਗਿਆ ਸੀ।

LEAVE A REPLY

Please enter your comment!
Please enter your name here