ਨਵੀਂ ਦਿੱਲੀ : ਬਾਹਰੀ ਦਿੱਲੀ ’ਚ ਇਕ ਕਾਰ ਚਾਲਕ ਮੋਟਰਸਾਈਕਲ ਸਵਾਰ ਦਿੱਲੀ ਪੁਲਸ ਦੇ ਸਿਪਾਹੀ ਨੂੰ ਸਨਿੱਚਰਵਾਰ ਦੇਰ ਰਾਤ ਕਥਿਤ ਤੌਰ ’ਤੇ ਟੱਕਰ ਮਾਰ ਕੇ ਕਰੀਬ 10 ਮੀਟਰ ਤੱਕ ਘੜੀਸਦਾ ਰਿਹਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਿਪਾਹੀ ਨੇ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਲਈ ਕਾਰ ਚਾਲਕ ਨੂੰ ਫਟਕਾਰ ਲਾਈ ਸੀ, ਪਰ ਇਸ ਤੋਂ ਬਾਅਦ ਉਸ ਨੇ ਸਿਪਾਹੀ ਨੂੰ ਟੱਕਰ ਮਾਰ ਦਿੱਤੀ। ਇਹ ਘਟਨਾ ਸ਼ਨਿੱਚਰਵਾਰ ਦੇਰ ਰਾਤ ਕਰੀਬ 2.15 ਵਜੇ ਵੀਨਾ ਐਨਕਲੇਵ ਕੋਲ ਉਸ ਵੇਲੇ ਹੋਈ, ਜਦੋਂ ਸਿਪਾਹੀ ਸੰਦੀਪ (30) ਡਿਊਟੀ ਦੌਰਾਨ ਸਾਦੇ ਕੱਪੜਿਆਂ ’ਚ ਨਾਂਗਲੋਈ ਪੁਲਸ ਥਾਣੇ ਤੋਂ ਰੇਲਵੇ ਰੋਡ ਵੱਲ ਜਾ ਰਿਹਾ ਸੀ। ਦਿੱਲੀ ਪੁਲਸ ਨੇ ਦੱਸਿਆ ਕਿ ਇਸ ਸੰਬੰਧੀ ਭਾਰਤੀ ਨਿਆਂ ਸੰਹਿਤਾ ਦੀ ਧਾਰਾ 108 (ਹੱਤਿਆ) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ। ਮਾਮਲੇ ’ਚ ਦੋ ਲੋਕ ਫਰਾਰ ਦੱਸੇ ਗਏ ਹਨ। ਦੱਸਿਆ ਜਾਂਦਾ ਹੈ ਕਿ ਇਲਾਕੇ ਵਿਚ ਚੋਰੀਆਂ ਵਧਣ ਕਾਰਨ ਸਿਪਾਹੀ ਸਾਦੇ ਕੱਪੜਿਆਂ ਵਿਚ ਡਿਊਟੀ ’ਤੇ ਸੀ।