ਆਗਰਾ : ਏ ਸੀ ਪੀ ਸੁਕੰਨਿਆ ਸ਼ਰਮਾ ਨੇ ਸ਼ੁੱਕਰਵਾਰ ਰਾਤ ਚਿੱਟੀ ਸ਼ਰਟ ਤੇ ਕਾਲੀ ਜੀਨਜ਼ ਪਾ ਕੇ ਆਗਰਾ ਕੈਂਟ ਰੇਲਵੇ ਸਟੇਸ਼ਨ, ਐੱਮ ਜੀ ਰੋਡ ਤੇ ਸਦਰ ਬਾਜ਼ਾਰ ਸਣੇ ਕਈ ਨਾਜ਼ੁਕ ਇਲਾਕਿਆਂ ਦਾ ਆਟੋ ਵਿਚ ਦੌਰਾ ਕੀਤਾ। ਉਸ ਨੇ ਰੇਲਵੇ ਸਟੇਸ਼ਨ ਤੋਂ ਹੈਲਪਲਾਈਨ ਨੰਬਰ 112 ’ਤੇ ਇਕ ਟੂਰਿਸਟ ਵਜੋਂ ਫੋਨ ਕਰਕੇ ਕਿਹਾ ਕਿ ਉਹ ਇਕੱਲੀ ਹੈ ਤੇ ਡਰੀ ਹੋਈ ਹੈ, ਮਦਦ ਦਰਕਾਰ ਹੈ। ਮਹਿਲਾ ਗਸ਼ਤੀ ਟੀਮ ਨੇ ਫੋਨ ਸੁਣ ਕੇ ਕਿਹਾ ਕਿ ਉਹ ਤੁਹਾਨੂੰ ਲੈਣ ਲਈ ਆ ਰਹੀਆਂ ਹਨ। ਏ ਸੀ ਪੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਤਾਂ ਸਿਸਟਮ ਨੂੰ ਪਰਖ ਰਹੀ ਸੀ ਤੇ ਤੁਸੀਂ ਪਾਸ ਹੋ। ਆਟੋ ਡਰਾਈਵਰ ਨੇ ਨਾ ਵਰਦੀ ਪਾਈ ਹੋਈ ਸੀ ਤੇ ਨਾ ਨੇਮ ਪਲੇਟ ਲਾਈ ਹੋਈ ਸੀ। ਏ ਸੀ ਪੀ ਵੱਲੋਂ ਪੁੱਛਣ ’ਤੇ ਉਸ ਨੇ ਕਿਹਾ ਕਿ ਪੁਲਸ ਨੇ ਉਸ ਦੀ ਜਾਂਚ ਕਰ ਲਈ ਹੈ ਤੇ ਉਹ ਛੇਤੀ ਹੀ ਵਰਦੀ ਪਾਉਣੀ ਸ਼ੁਰੂ ਕਰ ਦੇਵੇਗਾ। ਸਮਾਜੀ ਕਾਰਕੁੰਨ ਦੀਪਿਕਾ ਨਾਰਾਇਣ ਭਾਰਦਵਾਜ ਨੇ ਕਿਹਾ ਕਿ ਸੁਕੰਨਿਆ ਨੇ ਜੋ ਕੀਤਾ, ਉਹ ਮਹਿਲਾ ਸੁਰੱਖਿਆ ਵੱਲ ਪਹਿਲਾ ਸਹੀ ਕਦਮ ਹੈ। ਹਰ ਸ਼ਹਿਰ ਦੀ ਪੁਲਸ ਨੂੰ ਅਜਿਹਾ ਕਰਨਾ ਚਾਹੀਦਾ ਹੈ, ਤਦੇ ਉਸ ਨੂੰ ਪਤਾ ਲੱਗੇਗਾ ਕਿ ਮਹਿਲਾਵਾਂ ਨੂੰ ਰਾਤ ਨੂੰ ਕੀ ਮੁਸ਼ਕਲਾਂ ਆਉਦੀਆਂ ਹਨ। ਇਕ ਹੋਰ ਵਿਅਕਤੀ ਨੇ ਐਕਸ ’ਤੇ ਲਿਖਿਆਸਾਰੇ ਪੁਲਸ ਅਫਸਰਾਂ ਲਈ ਅਜਿਹੇ ਦੌਰੇ ਲਾਜ਼ਮੀ ਹੋਣੇ ਚਾਹੀਦੇ ਹਨ ਤਾਂ ਹੀ ਪੁਲਸ ਫੋਰਸ ਤੇ ਉਸ ਦੀ ਇੰਟੈਲੀਜੈਂਸ ਟੀਮ ਮਜ਼ਬੂਤ ਹੋਵੇਗੀ।