ਬਰਮਿੰਘਮ : ਦੋ ਵਾਰ ਦੀ ਉਲੰਪਿਕ ਤਮਗਾ ਜੇਤੂ ਪੀ ਵੀ ਸਿੰਧੂ ਨੇ ਸੋਮਵਾਰ ਇੱਥੇ ਫਾਈਨਲ ‘ਚ ਕੈਨੇਡਾ ਦੀ ਮਿਸ਼ੇਲ ਲੀ ਨੂੰ ਹਰਾ ਕੇ ਰਾਸ਼ਟਰਮੰਡਲ ਖੇਡਾਂ ਦੇ ਬੈਡਮਿੰਟਨ ਮਹਿਲਾ ਸਿੰਗਲਜ਼ ਮੁਕਾਬਲੇ ਦਾ ਸੋਨ ਤਮਗਾ ਜਿੱਤ ਲਿਆ | ਦੁਨੀਆ ਦੀ ਸੱਤਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਦੁਨੀਆਂ ਦੀ 13ਵੇਂ ਨੰਬਰ ਦੀ ਮਿਸ਼ੇਲ ਨੂੰ 21-15, 21-13 ਨਾਲ ਅਸਾਨੀ ਨਾਲ ਹਰਾ ਕੇ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ‘ਚ ਹੋਈ ਹਾਰ ਦਾ ਬਦਲਾ ਵੀ ਲਿਆ | ਸਿੰਧੂ ਨੇ 2014 ਵਿਚ ਕਾਂਸੀ ਤਗਮਾ ਜਿੱਤਿਆ ਸੀ, ਜਦਕਿ ਮਿਸ਼ੇਲ ਸੋਨ ਤਮਗਾ ਜਿੱਤਣ ‘ਚ ਸਫਲ ਰਹੀ ਸੀ | ਮਿਸ਼ੇਲ ਵਿਰੁੱਧ 11 ਮੈਚਾਂ ‘ਚ ਸਿੰਧੂ ਦੀ ਇਹ ਨੌਵੀਂ ਜਿੱਤ ਹੈ | ਸਿੰਧੂ ਦਾ ਰਾਸ਼ਟਰਮੰਡਲ ਖੇਡਾਂ ‘ਚ ਇਹ ਤੀਜਾ ਨਿੱਜੀ ਤਮਗਾ ਹੈ | ਲਕਸ਼ ਸੇਨ ਨੇ ਵੀ ਮਲੇਸ਼ੀਆ ਦੇ ਜ਼ੇ ਯੰਗ ਨੂੰ 19-21, 21-19 ਤੇ 21-16 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ | ਉਸ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ | ਭਾਰਤ ਦੇ ਸਾਤਵਿਕ ਸਾਈਰਾਜ ਰੰਕੀਰੈਡੀ ਅਤੇ ਚਿਰਾਗ ਸੈਟੀ ਨੇ ਰਾਸ਼ਟਰਮੰਡਲ ਖੇਡਾਂ ‘ਚ ਪੁਰਸ਼ ਡਬਲਜ਼ ਬੈਡਮਿੰਟਨ ਮੁਕਾਬਲੇ ਦੇ ਫਾਈਨਲ ‘ਚ ਇੰਗਲੈਂਡ ਦੇ ਬੇਨ ਲੇਨ ਅਤੇ ਸੀਨ ਵੈਂਡੀ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ | ਸਾਤਵਿਕ ਸਾਈਰਾਜ ਰੰਕੀਰੈਡੀ ਅਤੇ ਚਿਰਾਗ ਸੈਟੀ ਦੀ ਜੋੜੀ ਨੇ ਸ਼ੁਰੂਆਤ ਤੋਂ ਹੀ ਦਬਾਅ ਬਣਾਇਆ ਅਤੇ ਪਹਿਲਾ ਸੈੱਟ 21-15 ਨਾਲ ਜਿੱਤ ਲਿਆ | ਇਸ ਤੋਂ ਬਾਅਦ ਦੂਜੇ ਸੈੱਟ ‘ਚ ਵੀ ਇਸ ਭਾਰਤੀ ਜੋੜੀ ਨੇ ਹਮਲਾਵਰ ਖੇਡ ਜਾਰੀ ਰੱਖੀ ਅਤੇ ਬੇਨ ਲੇਨ ਅਤੇ ਸੀਨ ਵੈਂਡੀ ਦੀ ਜੋੜੀ ਨੂੰ ਦੂਜੇ ਰਾਊਾਡ ‘ਚ 21-13 ਨਾਲ ਹਰਾ ਕੇ ਤਮਗਾ ਜਿੱਤਿਆ | ਇਸ ਦੌਰਾਨ ਮਰਦਾਂ ਦੇ ਹਾਕੀ ਦੇ ਫਾਈਨਲ ਮੁਕਾਬਲੇ ‘ਚ ਆਸਟਰੇਲੀਆ ਨੇ ਭਾਰਤ ਨੂੰ 7-0 ਨਾਲ ਕਰਾਰੀ ਹਾਰ ਦਿੱਤੀ | ਇਸ ਦੇ ਨਾਲ ਹੀ ਇਸ ਟੂਰਨਾਮੈਂਟ ‘ਚ ਭਾਰਤ ਦਾ ਸੋਨਾ ਜਿੱਤਣ ਦਾ ਸੁਪਨਾ ਇੱਕ ਵਾਰ ਫਿਰ ਟੁੱਟ ਗਿਆ |





