ਨਵੀਂ ਦਿੱਲੀ : ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਦੀ ਮੌਤ ਦੇ ਦੋ ਹਫਤਿਆਂ ਬਾਅਦ ਕੇਂਦਰੀ ਲੀਡਰਸ਼ਿਪ ਨੇ ਐਤਵਾਰ ਪ੍ਰਕਾਸ਼ ਕਰਤ ਨੂੰ ਪੋਲਿਟ ਬਿਊਰੋ ਤੇ ਕੇਂਦਰੀ ਕਮੇਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। 2005 ਤੋਂ 2015 ਤੱਕ ਜਨਰਲ ਸਕੱਤਰ ਰਹੇ ਕਰਤ ਅਗਲੇ ਸਾਲ ਨਵੇਂ ਜਨਰਲ ਸਕੱਤਰ ਦੀ ਚੋਣ ਤੱਕ ਅੰਤਰਮ ਪ੍ਰਬੰਧ ਵਜੋਂ ਪਾਰਟੀ ਦਾ ਕੰਮਕਾਜ ਚਲਾਉਣਗੇ। ਹਾਲਾਂਕਿ ਇਹ ਆਰਜ਼ੀ ਪ੍ਰਬੰਧ ਹੈ, ਕਰਤ ਦੀ ਵਾਪਸੀ ਦਰਸਾਉਦੀ ਹੈ ਕਿ ਪਾਰਟੀ ਲਗਾਤਾਰਤਾ ਬਣਾਈ ਰੱਖਣਾ ਚਾਹੁੰਦੀ ਹੈ। ਨਵਾਂ ਜਨਰਲ ਸਕੱਤਰ ਅਗਲੇ ਸਾਲ ਅਪ੍ਰੈਲ ਵਿਚ ਤਾਮਿਲਨਾਡੂ ਦੇ ਮਦੁਰਾਇ ਵਿਚ ਹੋਣ ਵਾਲੀ ਪਾਰਟੀ ਕਾਂਗਰਸ ਵਿਚ ਚੁਣਿਆ ਜਾਣਾ ਹੈ। ਪਾਰਟੀ ਨੂੰ ਉਦੋਂ ਤੱਕ ਤਜਰਬੇਕਾਰ ਆਗੂ ਦੀ ਲੋੜ ਹੈ। ਪਾਰਟੀ ਕਾਂਗਰਸ ਤੋਂ ਪਹਿਲਾਂ ਮਹਾਰਾਸ਼ਟਰ ਤੇ ਝਾਰਖੰਡ ਅਸੰਬਲੀ ਚੋਣਾਂ ਹੋਣੀਆਂ ਹਨ ਤੇ ਇਤਿਹਾਦੀਆਂ ਨਾਲ ਸੀਟਾਂ ਦੀ ਵੰਡ ਲਈ ਸਿਆਣੇ ਆਗੂ ਦੀ ਲੋੜ ਪੈਣੀ ਹੈ।