ਆਖਰੀ ਗੇੜ ਦੀ ਪੋਲਿੰਗ ਅੱਜ

0
132

ਸ੍ਰੀਨਗਰ : ਜੰਮੂ-ਕਸ਼ਮੀਰ ਅਸੈਂਬਲੀ ਚੋਣਾਂ ਦੇ ਤੀਜੇ ਤੇ ਆਖਰੀ ਗੇੜ ’ਚ ਮੰਗਲਵਾਰ 7 ਜ਼ਿਲ੍ਹਿਆਂ ’ਚ 40 ਸੀਟਾਂ ਲਈ ਵੋਟਾਂ ਪੈਣਗੀਆਂ। ਇਨ੍ਹਾਂ ’ਚ ਜੰਮੂ ਖੇਤਰ ਦੇ ਚਾਰ ਜ਼ਿਲ੍ਹੇ ਜੰਮੂ, ਊਧਮਪੁਰ, ਸਾਂਬਾ ਤੇ ਕਠੂਆ, ਜਦਕਿ ਉੱਤਰੀ ਕਸ਼ਮੀਰ ਅਧੀਨ ਆਉਂਦੇ ਤਿੰਨ ਜ਼ਿਲ੍ਹੇ ਬਾਰਾਮੂਲਾ, ਬਾਂਡੀਪੋਰਾ ਤੇ ਕੁਪਵਾੜਾ ਹਨ। 18 ਤੇ 26 ਸਤੰਬਰ ਨੂੰ ਦੋ ਗੇੜਾਂ ਦੌਰਾਨ ਕ੍ਰਮਵਾਰ 61.38 ਫੀਸਦ ਤੇ 57.31 ਫੀਸਦ ਪੋਲਿੰਗ ਹੋਈ ਸੀ। ਨਤੀਜੇ 8 ਅਕਤੂਬਰ ਨੂੰ ਆਉਣੇ ਹਨ।
ਸਰਹੱਦਾਂ ਲੋਕ ਨਹੀਂ ਬਣਾਉਦੇ…
ਲੰਡਨ : ਦਿਲਜੀਤ ਦੁਸਾਂਝ ਅੱਜਕੱਲ੍ਹ ਆਪਣੇ ਦਿਲ-ਲੁਮੀਨੇਟੀ ਟੂਰ ਲਈ ਯੂ ਕੇ ਦੇ ਦੌਰੇ ’ਤੇ ਹੈ। ਉਸ ਨੇ ਹਾਲ ਹੀ ’ਚ ਮਾਨਚੈਸਟਰ ਦੇ ਭਰੇ ਸਟੇਡੀਅਮ ’ਚ ਪ੍ਰਦਰਸ਼ਨ ਕੀਤਾ। ਉਸ ਦੀ ਵਾਇਰਲ ਵੀਡੀਓ ਵਿਚ ਦਿਲਜੀਤ ਸਟੇਜ ’ਤੇ ਆਪਣੀ ਪ੍ਰਸੰਸਕ ਨੂੰ ਤੋਹਫਾ ਦਿੰਦੇ ਹੋਏ ਪੁੱਛਦਾ ਹੈ ਕਿ ਉਹ ਕਿੱਥੋਂ ਦੀ ਹੈ। ਜਦੋਂ ਉਸ ਨੇ ਦੱਸਿਆ ਕਿ ਉਹ ਪਾਕਿਸਤਾਨ ਤੋਂ ਹੈ ਤਾਂ ਦਿਲਜੀਤ ਕਹਿੰਦਾ ਹੈ ਕਿ ਉਹ ਨਹੀਂ ਮੰਨਦਾ ਕਿ ਸਰਹੱਦਾਂ ਲੋਕਾਂ ਨੂੰ ਵੰਡਦੀਆਂ ਹਨ। ਉਸ ਲਈ, ਦੇਸ਼ਾਂ ਦੀਆਂ ਸਰਹੱਦਾਂ ਉਹੀ ਹਨ, ਜੋ ਸਿਆਸਤਦਾਨ ਚਾਹੁੰਦੇ ਹਨ, ਨਾ ਕਿ ਕਿਸੇ ਵੀ ਦੇਸ਼ ਦੇ ਲੋਕ।
ਪੰਚਾਇਤ ਚੋਣਾਂ ਦਾ ਨੋਟੀਫਿਕੇਸ਼ਨ ਚੈਲੰਜ
ਚੰਡੀਗੜ੍ਹ : ਕੁਲਜਿੰਦਰ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਜਨਹਿੱਤ ਪਟੀਸ਼ਨ ਦਾਖਲ ਕਰਕੇ ਪੰਜਾਬ ਵਿਚ ਪੰਚਾਇਤ ਚੋਣਾਂ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ ਹੈ। ਉਸਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਜਲਦਬਾਜ਼ੀ ’ਚ ਨੋਟੀਫਿਕੇਸ਼ਨ ਜਾਰੀ ਕਰਕੇ ਕਈ ਗਲਤੀਆਂ ਕੀਤੀਆਂ ਹਨ। ਪਟੀਸ਼ਨਰ ਨੇ ਨਾਮਜ਼ਦਗੀ ਲਈ ਥੋੜ੍ਹੇ ਦਿਨ ਦੇਣ ਤੇ ਸੀਟਾਂ ਦੀ ਰਿਜ਼ਰਵੇਸ਼ਨ ਆਦਿ ਨੂੰ ਲੈ ਕੇ ਸਵਾਲ ਚੁੱਕੇ ਹਨ। ਹਾਈਕੋਰਟ ਨੇ ਇਸ ’ਤੇ ਪੰਜਾਬ ਸਰਕਾਰ ਨੂੰ ਬੁੱਧਵਾਰ ਸਵੇਰ ਤੱਕ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ।
ਨਿਰਮਲਾ ਖਿਲਾਫ ਜਾਂਚ ’ਤੇ ਅੰਤਰਮ ਰੋਕ
ਬੇਂਗਲੁਰੂ : ਕਰਨਾਟਕ ਹਾਈ ਕੋਰਟ ਨੇ ਚੋਣ ਬਾਂਡਾਂ ਰਾਹੀਂ ਕਥਿਤ ਵਸੂਲੀ ਦੇ ਕੇਸ ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿਰੱਧ ਦਰਜ ਐੱਫ ਆਈ ਆਰ ’ਤੇ ਸੋਮਵਾਰ ਅੰਤਰਮ ਸਟੇਅ ਦੇ ਦਿੱਤਾ। ਕੋਰਟ ਨੇ ਮਾਮਲੇ ਦੇ ਇਕ ਹੋਰ ਮੁਲਜ਼ਮ ਸਾਬਕਾ ਸੂਬਾ ਭਾਜਪਾ ਪ੍ਰਧਾਨ ਨਲਿਨ ਕੁਮਾਰ ਕਟੀਲ ਖਿਲਾਫ ਜਾਂਚ ਵੀ ਰੋਕ ਦਿੱਤੀ ਹੈ।

LEAVE A REPLY

Please enter your comment!
Please enter your name here