23.7 C
Jalandhar
Tuesday, October 8, 2024
spot_img

ਪਰਾਲੀ ਫੂਕਣ ਦੀ ਸਮੱਸਿਆ ਨੂੰ ਠੱਲ੍ਹਣ ਲਈ ਟਿਕਾਊ ਮੁਹਿੰਮ ਚਲਾਉਣ ਦੀ ਵਕਾਲਤ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਪਰਾਲੀ ਫੂਕਣ ਦੇ ਮਾਮਲਿਆਂ ਨੂੰ ਹੋਰ ਘਟਾਉਣ ਲਈ ਪਰਾਲੀ ਦੇ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਟਿਕਾਊ ਮੁਹਿੰਮ ਚਲਾਉਣ ਦੀ ਵਕਾਲਤ ਕੀਤੀ ਹੈ।ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਬੇੜੇ ਸਬੰਧੀ ਤਿਆਰੀਆਂ ਬਾਰੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਚਾਰ ਮੁਹਿੰਮ ਰਾਹੀਂ ਪਰਾਲੀ ਫੂਕਣ ਦੇ ਮਾੜੇ ਪ੍ਰਭਾਵਾਂ ਬਾਰੇ ਜ਼ਰੂਰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਾਂ ਉਤੇ ਮਿਲਦੀ ਸਬਸਿਡੀ ਬਾਰੇ ਵੀ ਚੰਗੀ ਤਰ੍ਹਾਂ ਪਤਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਕਸਟਮ ਹਾਇਰਿੰਗ ਸੈਂਟਰਾਂ ਰਾਹੀਂ ਉਹ ਪਰਾਲੀ ਦੇ ਪ੍ਰਬੰਧਨ ਉਪਰ ਆਉਦੇ ਖ਼ਰਚੇ ਘਟਾ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਪੰਚਾਇਤਾਂ ਤੇ ਹੋਰ ਸਾਂਝੀਆਂ ਥਾਵਾਂ ਉਤੇ ਕਸਟਮ ਹਾਇਰਿੰਗ ਸੈਂਟਰ (ਸੀ.ਐਚ.ਸੀ.) ਸਥਾਪਤ ਕਰਨ ਲਈ ਵੀ ਆਖਿਆ।ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤਾ ਕਿ ਪਰਾਲੀ ਫੂਕਣ ਦੇ ਮਾੜੇ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜ਼ੋਰ-ਸ਼ੋਰ ਨਾਲ ਮੁਹਿੰਮ ਵਿੱਢੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਪਰਾਲੀ ਫੂਕਣ ਵਿਰੁੱਧ ਜੰਗ ਨੂੰ ਲੋਕ ਲਹਿਰ ਵਿੱਚ ਬਦਲਣ ਵਿੱਚ ਮਦਦ ਮਿਲੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮੁਹਿੰਮ 2024-25 ਤਹਿਤ . ਪੋਰਟਲ ਰਾਹੀਂ ਸਬਸਿਡੀ ਲੈਣ ਲਈ ਇੱਛੁਕ ਕਿਸਾਨਾਂ ਕੋਲੋਂ ਅਰਜ਼ੀਆਂ ਮੰਗੀਆਂ ਹਨ।ਮੁੱਖ ਮੰਤਰੀ ਨੇ ਕਿਹਾ ਕਿ 20 ਜੂਨ 2024 ਤੱਕ ਮਸ਼ੀਨਰੀ ਲਈ ਕੁੱਲ 63,904 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਦੀ ਮੰਗ ਉਤੇ ਇਸ ਪੋਰਟਲ ਨੂੰ 13 ਸਤੰਬਰ ਤੋਂ 19 ਸਤੰਬਰ 2024 ਤੱਕ ਮੁੜ ਖੋਲ੍ਹਿਆ ਗਿਆ ਸੀ ਅਤੇ ਇਸ ਉਤੇ 19 ਸਤੰਬਰ ਤੱਕ ਕੁੱਲ 1.07 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ 14 ਹਜ਼ਾਰ ਮਸ਼ੀਨਾਂ ਅਤੇ ਜ਼ਿਲ੍ਹਿਆਂ ਵਿੱਚ ਕਸਟਮ ਹਾਇਰਿੰਗ ਸੈਂਟਰਾਂ ਨੂੰ 1100 ਮਸ਼ੀਨਾਂ ਦੇਣ ਦਾ ਟੀਚਾ ਨਿਰਧਾਰਤ ਕੀਤਾ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵੱਲੋਂ ‘ਉੱਨਤ ਕਿਸਾਨ’ ਮੋਬਾਈਲ ਐਪਲੀਕੇਸ਼ਨ ਵੀ ਲਾਂਚ ਕੀਤੀ ਗਈ ਹੈ, ਜਿਸ ਦੀ ਮਦਦ ਨਾਲ ਝੋਨੇ ਦੇ ਵਾਢੀ ਸੀਜ਼ਨ-2024 ਤੋਂ ਪਹਿਲਾਂ ਕਿਸਾਨ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਮਸ਼ੀਨਾਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਐਪ ਰਾਹੀਂ ਛੋਟੇ ਅਤੇ ਹਾਸ਼ੀਏ ਉੱਤੇ ਧੱਕੇ ਕਿਸਾਨਾਂ ਲਈ ਇਹ ਮਸ਼ੀਨਾਂ ਵਧੇਰੇ ਪਹੁੰਚ ਵਿੱਚ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਐਪ ’ਤੇ ਕਿਸਾਨਾਂ ਲਈ 1.30 ਲੱਖ ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਨੂੰ ਮੈਪ ਕੀਤਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮੋਬਾਈਲ ਐਪਲੀਕੇਸ਼ਨ ਨਾਲ ਕਿਸਾਨ ਆਪਣੇ ਆਸ-ਪਾਸ ਦੇ ਉਪਲੱਬਧ ਕਸਟਮ ਹਾਇਰਿੰਗ ਸੈਂਟਰਾਂ (ਸੀ.ਐਚ.ਸੀ.) ਤੋਂ ਆਸਾਨੀ ਨਾਲ ਮਸ਼ੀਨ ਬੁੱਕ ਕਰ ਸਕਦੇ ਹਨ ਅਤੇ ਵਧੇਰੇ ਸਹੂਲਤ ਲਈ ਗ੍ਰਾਮ ਪੱਧਰੀ ਨੋਡਲ ਅਫ਼ਸਰ/ਕਲੱਸਟਰ ਹੈੱਡ ਕਿਸਾਨਾਂ ਨੂੰ ਉਨ੍ਹਾਂ ਦੀ ਪਸੰਦੀਦਾ ਮਸ਼ੀਨ ਪਹਿਲਾਂ ਹੀ ਨਿਰਧਾਰਤ ਕਰ ਦੇਣਗੇ ਤਾਂ ਜੋ ਕਿਸਾਨ ਆਸਾਨੀ ਨਾਲ ਮਸ਼ੀਨ ਬੁੱਕ ਕਰ ਸਕਣ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਮਸ਼ੀਨਾਂ ਦੀ ਵਰਤੋਂ ਅਤੇ ਵੱਡੇ ਪੱਧਰ ’ਤੇ ਜਾਗਰੂਕਤਾ ਮੁਹਿੰਮ ਸਦਕਾ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ’ਚ ਕਾਫੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ 2021-22 ਵਿੱਚ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀਆਂ 76,929 ਘਟਨਾਵਾਂ ਦੇ ਮੁਕਾਬਲੇ 2022-23 ਇਨ੍ਹਾਂ ਘਟਨਾਵਾਂ (71,159) ਵਿੱਚ 30 ਫ਼ੀਸਦ ਦੀ ਕਮੀ ਆਈ ਹੈ ਅਤੇ 2022-23 ਵਿੱਚ ਅੱਗ ਲਗਾਉਣ ਦੀਆਂ 71,159 ਘਟਨਾਵਾਂ ਦੇ ਮੁਕਾਬਲੇ 2023-24 ਵਿੱਚ 26 ਫ਼ੀਸਦ ਕਮੀ ਨਾਲ ਇਹ ਘਟਨਾਵਾਂ 49,922 ਰਹਿ ਗਈਆਂ।
ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ 2020-21 ਦੇ ਮੁਕਾਬਲੇ 2023-24 ਵਿੱਚ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਕੁੱਲ 52 ਫ਼ੀਸਦੀ ਕਮੀ ਆਈ ਹੈ।

Related Articles

LEAVE A REPLY

Please enter your comment!
Please enter your name here

Latest Articles