ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਹਵਾਈ ਫੌਜ ਦੇ ਮੁਖੀ ਦਾ ਅਹੁਦਾ ਸੰਭਾਲਿਆ

0
108

ਨਵੀਂ ਦਿੱਲੀ : ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ (ਏ ਪੀ ਸਿੰਘ) ਨੇ ਸੋਮਵਾਰ ਭਾਰਤੀ ਹਵਾਈ ਫੌਜ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾ ਏਅਰ ਚੀਫ ਮਾਰਸ਼ਲ ਵੀ ਆਰ ਚੌਧਰੀ ਦੀ ਥਾਂ ਲਈ ਹੈ, ਜਿਨ੍ਹਾ ਨੂੰ ਇਸ ਤੋਂ ਪਹਿਲਾਂ ਭਾਰਤੀ ਹਵਾਈ ਫੌਜ ਦੇ ਹੈੱਡਕੁਆਰਟਰ ਵਾਯੂ ਭਵਨ ਵਿਖੇ ਇਕ ਸ਼ਾਨਦਾਰ ਸਮਾਗਮ ਦੌਰਾਨ ਨਿੱਘੀ ਵਿਦਾਇਗੀ ਦਿੱਤੀ ਗਈ। ਏਅਰ ਚੀਫ ਮਾਰਸ਼ਲ ਚੌਧਰੀ ਨੇ ਇਸ ਅਹੁਦੇ ਉਤੇ ਤਿੰਨ ਸਾਲ ਸੇਵਾ ਨਿਭਾਈ।
ਏਅਰ ਚੀਫ ਮਾਰਸ਼ਲ ਏ ਪੀ ਸਿੰਘ ਪਹਿਲਾਂ ਹਵਾਈ ਫੌਜ ਦੇ ਉਪ ਮੁਖੀ ਸਨ। ਉਨ੍ਹਾ ਦਾ ਜਨਮ 27 ਅਕਤੂਬਰ, 1964 ਨੂੰ ਹੋਇਆ ਅਤੇ ਉਨ੍ਹਾ ਨੂੰ ਭਾਰਤੀ ਹਵਾਈ ਫੌਜ ਦੀ ਫਾਈਟਰ ਪਾਇਲਟ ਸਟਰੀਮ ਵਿਚ ਦਸੰਬਰ 1984 ਵਿਚ ਕਮਿਸ਼ਨ ਪ੍ਰਾਪਤ ਹੋਇਆ ਸੀ।
ਆਪਣੀ ਕਰੀਬ 40 ਸਾਲਾਂ ਦੀ ਸੇਵਾ ਦੌਰਾਨ ਉਨ੍ਹਾ ਵੱਖੋ-ਵੱਖ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ, ਜਿਨ੍ਹਾਂ ਵਿਚ ਵਿਦੇਸ਼ਾਂ ਵਿਚ ਨਿਯੁਕਤੀਆਂ ਵੀ ਸ਼ਾਮਲ ਹਨ।
ਇਕ ਪਾਇਲਟ ਵਜੋਂ ਉਨ੍ਹਾ ਰੂਸ ’ਚ ਮਾਸਕੋ ਵਿਖੇ ਮਿੱਗ-29 ਅਪਗਰੇਡ ਪ੍ਰਾਜੈਕਟ ਮੈਨੇਜਮੈਂਟ ਟੀਮ ਦੀ ਅਗਵਾਈ ਕੀਤੀ ਅਤੇ ਉਹ ਨੈਸ਼ਨਲ ਫਲਾਈਟ ਟੈਸਟ ਸੈਂਟਰ ਵਿਖੇ ਪ੍ਰਾਜੈਕਟ ਡਾਇਰੈਕਟਰ (ਫਲਾਈਟ ਟੈਸਟ) ਵੀ ਰਹੇ. ਉਨ੍ਹਾ ਨੂੰ ਹਲਕੇ ਜੰਗੀ ਹਵਾਈ ਜਹਾਜ਼ ਤੇਜਸ ਦੀਆਂ ਉਡਾਣਾਂ ਰਾਹੀਂ ਅਜ਼ਮਾਇਸ਼ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ।

LEAVE A REPLY

Please enter your comment!
Please enter your name here