ਨਵੀਂ ਦਿੱਲੀ : ਇਸ ਵਾਰ ਦਾ ਫਿਲਮਾਂ ਦਾ ਸਭ ਤੋਂ ਵਕਾਰੀ ‘ਦਾਦਾ ਸਾਹਿਬ ਫਾਲਕੇ ਐਵਾਰਡ’ ਮਿਥੁਨ ਚੱਕਰਵਰਤੀ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਮਿਥੁਨ ‘ਮਿ੍ਰਗਯਾ’, ‘ਸੁਰਕਸ਼ਾ’ ਅਤੇ ‘ਡਾਂਸ ਡਾਂਸ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਹਨ। ਕੁਝ ਮਹੀਨੇ ਪਹਿਲਾਂ ਹੀ ਕੇਂਦਰ ਸਰਕਾਰ ਨੇ ਉਨ੍ਹਾ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਭੂਸ਼ਣ’ ਨਾਲ ਵੀ ਨਿਵਾਜਿਆ ਸੀ। ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਣਵ ਨੇ ਸੋਮਵਾਰ ਕਿਹਾਮਿਥੁਨ ਦਾਦਾ ਦਾ ਲਾਸਾਨੀ ਫਿਲਮੀ ਸਫਰ ਪੀੜ੍ਹੀਆਂ ਨੂੰ ਪ੍ਰੇਰਤ ਕਰਦਾ ਹੈ! ਮੈਨੂੰ ਇਹ ਐਲਾਨ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਦਾਦਾ ਸਾਹਿਬ ਫਾਲਕੇ ਚੋਣ ਜਿਊਰੀ ਨੇ ਇਹ ਐਵਾਰਡ ਭਾਰਤੀ ਸਿਨੇਮਾ ਵਿਚ ਸ਼ਾਨਦਾਰ ਯੋਗਦਾਨ ਲਈ ਨਾਮੀ ਅਦਾਕਾਰ ਸ੍ਰੀ ਮਿਥੁਨ ਚੱਕਰਵਰਤੀ ਜੀ ਨੂੰ ਦੇਣ ਦਾ ਫੈਸਲਾ ਕੀਤਾ ਹੈ। ਵੈਸ਼ਣਵ ਨੇ ਕਿਹਾ ਕਿ ਉਨ੍ਹਾ ਨੂੰ ਇਸ ਐਵਾਰਡ ਨਾਲ 8 ਅਕਤੂਬਰ ਨੂੰ ਹੋਣ ਵਾਲੇ 70ਵੇਂ ਨੈਸ਼ਨਲ ਫਿਲਮ ਐਵਾਰਡ ਸਮਾਗਮ ਦੌਰਾਨ ਸਨਮਾਨਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਥੁਨ ਨੂੰ ਵਧਾਈ ਦਿੰਦਿਆਂ ਕਿਹਾਉਹ ਇਕ ਸੱਭਿਆਚਾਰਕ ਪ੍ਰਤੀਕ ਹਨ, ਜੋ ਆਪਣੀਆਂ ਵਿਆਪਕ ਕਾਰਗੁਜ਼ਾਰੀਆਂ ਰਾਹੀਂ ਬਹੁਤ ਸਾਰੀਆਂ ਪੀੜ੍ਹੀਆਂ ਨੂੰ ਪ੍ਰੇਰਤ ਕਰਦੇ ਹਨ। ਉਨ੍ਹਾ ਨੂੰ ਮੁਬਾਰਕਾਂ ਤੇ ਸ਼ੁੱਭਕਾਮਨਾਵਾਂ।