ਸ੍ਰੀਨਗਰ : ਜੰਮੂ-ਕਸ਼ਮੀਰ ਅਸੰਬਲੀ ਲਈ 7 ਜ਼ਿਲ੍ਹਿਆਂ ’ਚ 40 ਸੀਟਾਂ ’ਤੇ ਮੰਗਲਵਾਰ ਸ਼ਾਮ ਪੰਜ ਵਜੇ ਤਕ 65 ਫੀਸਦੀ ਪੋਲਿੰਗ ਹੋਈ। ਇਹ ਫੀਸਦ ਵਧਣੀ ਸੀ, ਕਿਉਕਿ ਬੂਥਾਂ ਦੇ ਅਹਾਤਿਆਂ ਦੇ ਅੰਦਰ ਆ ਚੁੱਕੇ ਲੋਕਾਂ ਨੇ ਵੋਟਾਂ ਪਾਉਣੀਆਂ ਸਨ। ਇਹ ਚੋਣਾਂ ਦਾ ਆਖਰੀ ਗੇੜ ਸੀ। ਇਸਤੋਂ ਪਹਿਲਾਂ 18 ਸਤੰਬਰ ਨੂੰ 24 ਸੀਟਾਂ ਲਈ 61.38 ਫੀਸਦੀ ਤੇ 25 ਸਤੰਬਰ ਨੂੰ 26 ਸੀਟਾਂ ਲਈ 57.31 ਫੀਸਦੀ ਪੋਲਿੰਗ ਹੋਈ ਸੀ।
ਜ਼ੀਰਾ ’ਚ ਕਾਂਗਰਸ ਤੇ ਆਪ ਹਮਾਇਤੀ ਟਕਰਾਏ, ਗੋਲੀਆਂ ਚੱਲੀਆਂ
ਜ਼ੀਰਾ (ਨਰਿੰਦਰ ਅਨੇਜਾ)-ਇੱਥੇ ਜੀਵਨ ਮਲ ਸਰਕਾਰੀ ਸੈਕੰਡਰੀ ਸਕੂਲ ਵਿਚ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਭਰਨ ਤੋਂ ਪਹਿਲਾਂ ਕਾਂਗਰਸੀਆਂ ਤੇ ਆਪ ਹਮਾਇਤੀਆਂ ਵਿਚਾਲੇ ਟਕਰਾਅ ਹੋ ਗਿਆ ਤੇ ਦੋਹਾਂ ਪਾਸਿਓਂ ਇੱਟਾਂ-ਵੱਟੇ ਚੱਲ ਗਏ। ਗੋਲੀਆਂ ਵੀ ਚੱਲ ਗਈਆਂ। ਕਾਂਗਰਸੀਆਂ ਨੇ ਦੋਸ਼ ਲਾਇਆ ਕਿ ਆਪ ਵਿਧਾਇਕ ਦੇ ਬੰਦਿਆਂ ਨੇ ਕਾਂਗਰਸੀਆਂ ਨੂੰ ਨਾਮਜ਼ਦਗੀ ਕਾਗਜ਼ ਦਾਖਲ ਕਰਾਉਣ ਤੋਂ ਰੋਕਣ ਲਈ ਹਿੰਸਾ ਕੀਤੀ। ਆਪ ਨੇ ਦੋਸ਼ ਲਾਇਆ ਹੈ ਕਿ ਕਾਂਗਰਸੀਆਂ ਨੇ ਹਿੰਸਾ ਕੀਤੀ।
ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਗੱਲ੍ਹ ਅਤੇ ਗੁਰਵਿੰਦਰ ਸਿੰਘ ਪਿੰਡ ਸੂਦਾਂ ਦੀ ਲੱਤ ਅਤੇ ਗੁੱਟ ਉੱਤੇ ਗੋਲੀਆਂ ਲੱਗੀਆਂ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਚਰਨਜੀਤ ਸਿੰਘ, ਵਾਸੀ ਪਿੰਡ ਕਾਮਲਵਾਲਾ, ਮਨੀ ਵਾਸੀ ਜ਼ੀਰਾ, ਹਰਪ੍ਰੀਤ ਸਿੰਘ ਕਾਲਾ ਵਾਸੀ ਪਿੰਡ ਮਨਸੂਰਦੇਵਾ, ਦਲਜੀਤ ਸਿੰਘ ਵਾਸੀ ਪਿੰਡ ਕੱਚਰਭੰਨ, ਕਿੱਕਰ ਸਿੰਘ ਵਾਸੀ ਪਿੰਡ ਪੰਡੋਰੀ ਜੱਟਾਂ, ਬੋਹੜ ਸਿੰਘ, ਗੁਰਜੰਟ ਸਿੰਘ ਵਾਸੀ ਵਸਤੀ ਗਾਮੇ ਵਾਲੀ ਆਦਿ ਗੰਭੀਰ ਜ਼ਖਮੀ ਹੋਏ ਹਨ।
ਸਥਿਤੀ ਵਿਗੜਨੋਂ ਰੋਕਣ ਲਈ ਡੀ ਐੱਸ ਪੀ ਜ਼ੀਰਾ ਗੁਰਦੀਪ ਸਿੰਘ, ਡੀ ਐੱਸ ਪੀ ਨਵੀਨ ਕੁਮਾਰ, ਡੀ ਐੱਸ ਪੀ ਫਤਿਹ ਸਿੰਘ ਬਰਾੜ, ਡੀ ਐੱਸ ਪੀ ਮਹਿਲ ਸਿੰਘ, ਐੱਸ ਐੱਚ ਓ ਕੰਵਲਜੀਤ ਰਾਏ ਸ਼ਰਮਾ, ਐੱਸ ਐੱਚ ਓ ਅਭਿਨਵ ਚੌਹਾਨ ਤੇ ਏ ਐੱਸ ਆਈ ਸੁਰਜੀਤ ਸਿੰਘ ਮੌਜੂਦ ਸਨ। ਪੁਲਸ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਹਵਾਈ ਫਾਇਰ ਕੀਤੇ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ।